ਘੱਟ ਤਨਖ਼ਾਹ ਦੇਣ ਵਾਲੇ ਮਾਲਕਾਂ ਨੂੰ ਹੋਵੇਗੀ 10 ਸਾਲ ਕੈਦ – ਆਸਟਰੇਲੀਆ ਦੀ ਪਾਰਲੀਮੈਂਟ `ਚ ਨਵਾਂ ਬਿੱਲ (New Bill) ਪੇਸ਼

ਮੈਲਬਰਨ : ਪੰਜਾਬੀ ਕਲਾਊਡ ਟੀਮ

-ਵਰਕਾਰਾਂ ਨੂੰ ਜਾਣ-ਬੁੱਝ ਕੇ ਘੱਟ ਤਨਖ਼ਾਹ ਦੇ ਕੇ ਸ਼ੋਸ਼ਣ ਕਰਨ ਵਾਲੇ ਮਾਲਕਾਂ ਦੀ ਹੁਣ ਖ਼ੈਰ ਨਹੀਂ। ਅਜਿਹੇ ਲਾਲਚੀ ਮਾਲਕਾਂ ਨੂੰ ਨੱਥ ਪਾਉਣ ਲਈ ਆਸਟਰੇਲੀਆ ਸਰਕਾਰ ਨੇ ਇੱਕ ਨਵਾਂ ਬਿੱਲ (New Bill) ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਹੈ, ਜਿਸਦੇ ਤਹਿਤ ਧੋਖੇਬਾਜ਼ ਮਾਲਕਾਂ ਨੂੰ 10 ਸਾਲ ਤੱਕ ਕੈਦ ਜਾਂ ਲੱਖਾਂ ਡਾਲਰ ਜ਼ੁਰਮਾਨਾ ਹੋ ਸਕੇਗਾ। ਇਸ ਵਾਸਤੇ ਫੇਅਰ ਵੇਜ ਕਮਿਸ਼ਨ (Fair Wage Commission) ਨੂੰ ਵੱਧ ਪਾਵਰਾਂ ਦਿੱਤੀਆਂ ਜਾਣਗੀਆਂ। ਜਿਸ ਨਾਲ ਦੇਸ਼ ਦੇ 67 ਹਜ਼ਾਰ ਵਰਕਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਸੋਮਵਾਰ ਨੂੰ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕਰਦਿਆਂ ਵਰਕ ਪਲੇਸ ਰਿਲੇਸ਼ਨਸਿ਼ਪ ਮਨਿਸਟਰ ਟੋਨੀ ਬੱਰਕ (Work Place Relationship Minister – Tony Burke) ਨੇ ਦੱਸਿਆ ਕਿ ਲੇਬਰ ਸਰਕਾਰ ਕਾਨੂੰਨੀ ਚੋਰ-ਮੋਰੀਆਂ ਨੂੰ ਬੰਦ ਕਰਨ ਦੇ ਉਦੇਸ਼ ਨਾਲ ਨਵਾਂ ਬਿੱਲ ਲੈ ਕੇ ਆਈ ਹੈ। ਜਿਸ ਵਿੱਚ ਕੁੱਝ ਇਸ ਤਰ੍ਹਾਂ ਦੱਸਿਆ ਗਿਆ ਹੈ।

1. ਤਨ਼ਖਾਹ ਦੇਣ ਵੇਲੇ ਬੇਈਮਾਨੀ: ਮਾਲਕ ਕਿਸੇ ਵਰਕਰ ਨਾਲ ਤਨਖ਼ਾਹ ਦੇਣ ਵੇਲੇ ਬੇਈਮਾਨੀ ਨਹੀਂ ਕਰ ਸਕਣਗੇ। ਜੇ ਅਜਿਹਾ ਕਰਨਗੇ ਤਾਂ ਉਨ੍ਹਾਂ 10 ਸਾਲ ਤੱਕ ਕੈਦ ਜਾਂ ਕਰੀਬ 8 ਲੱਖ ਜ਼ੁਰਮਾਨਾ ਹੋਵੇਗਾ। ਹਾਲਾਂਕਿ ਜਿਹੜੇ ਮਾਲਕਾਂ ਕੋਲ 15 ਤੋਂ ਘੱਟ ਵਰਕਰ ਕੰਮ ਕਰਦੇ ਹੋਣਗੇ, ਉਨ੍ਹਾਂ ਨੂੰ ਇਸ ਸਖ਼ਤ ਸਜ਼ਾ ਤੋਂ ਛੋਟ ਦਿੱਤੀ ਗਈ ਹੈ ਪਰ ਉਨ੍ਹਾਂ ਲਈ ‘ਸਮਾਲ ਬਿਜ਼ਨਸ ਕੰਪਲਾਇੰਸ ਕੋਡ’ (Small Business Compliance Code) ਮੰਨਣਾ ਲਾਜ਼ਮੀ ਹੋਵੇਗਾ।

2. ਇੱਕ ਕੰਮ, ਇੱਕ ਤਨਖ਼ਾਹ: ਭਾਵ ਕਿਸੇ ਇੰਡਸਟਰੀ ਵਿੱਚ ਜਿੰਨੀ ਤਨਖ਼ਾਹ ਪੱਕੇ ਵਰਕਰਾਂ ਲੈਂਦੇ ਹਨ, ਉਨ੍ਹਾਂ ਦੇ ਬਰਾਬਰ ਹੀ ਉਨ੍ਹਾਂ ਵਰਕਰਾਂ ਨੂੰ ਤਨਖ਼ਾਹ ਮਿਲੇਗੀ, ਜਿਹੜੇ ਲੇਬਰ-ਹਾਇਰ ਕੰਪਨੀਆਂ (Labour Hire Companies) ਦੁਆਰਾ ਭੇਜੇ ਜਾਂਦੇ ਹਨ।

3. ਕੈਜ਼ੂਅਲ ਰਾਈਟਸ (Casual Rights): ਕੈਜ਼ੂਅਲ ਵਰਕਰ ਜੇ ਚਾਹੁਣ ਤਾਂ ਪਹਿਲਾਂ ਨਾਲੋਂ ਸੌਖੇ ਤਰੀਕੇ ਨਾਲ ਫੁੱਲ-ਟਾਈਮ ਵਰਕਰ ਵਜੋਂ ਕੰਮ ਕਰਣਗੇ ਅਤੇ ਲੀਵ ਦਾ ਲਾਭ ਲੈ ਸਕਣਗੇ।

4. ਫੈਮਿਲੀ ਵਾਇਉਲੈਂਸ (Family Violence): ਨਵੇਂ ਬਿੱਲ ਅਨੁਸਾਰ ਕਿਸੇ ਵਰਕਰ ਨਾਲ ਇਸ ਕਰਕੇ ਵਿਤਕਰਾ ਨਹੀਂ ਕੀਤਾ ਜਾ ਸਕੇਗਾ ਕਿ ਉਹ ਫੈਮਿਲੀ ਵਾਇਉਲੈਂਸ ਦਾ ਸਿ਼ਕਾਰ ਹੈ।

5. ਰੋਡ ਟਰਾਂਸਪੋਰਟ ਵਿਰੁੱਧ ਸਖ਼ਤੀ: ਫੇਅਰ ਵਰਕ ਕਮਿਸ਼ਨ(Fair Work Commission), ਰੋਡ ਟਰਾਂਸਪੋਰਟ ਇੰਡਸਟਰੀ (Road Transport Industry) ਲਈ ਮਿੰਨੀਮਮ ਸਟੈਂਡਰਡ ਸੈੱਟ ਕਰ ਸਕੇਗਾ। ਜਿਸ ਨਾਲ ਇੰਡੀਪੈਂਡੈਂਟ ਕੰਟਰੈਕਟਰਾਂ ਅਤੇ ਡਰਾਈਵਰ-ਮਾਲਕ ਨੂੰ ਫਾਇਦਾ ਹੋਵੇਗਾ।

Leave a Comment