ਆਸਟਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ – ਫੇਸਬੁੱਕ ਤੋਂ ਖ੍ਰੀਦੀ ਕਾਰ ਚੋਰੀ ਦੀ ਨਿਕਲੀ

ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ `ਚ ਇੱਕ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ, ਜਿਸਨੇ ਕੁੱਝ ਹਫ਼ਤੇ ਪਹਿਲਾਂ ਫੇਸਬੁੱਕ ਮਾਰਕੀਟ ਤੋਂ ਇੱਕ ਕਾਰ ਖ੍ਰੀਦੀ ਸੀ ਪਰ ਬਾਅਦ `ਚ ਪੁਲੀਸ ਨੇ ਘਰ ਆ ਕੇ ਇਹ ਆਖ ਕੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਕਿ “ਕਾਰ ਚੋਰੀ ਦੀ ਹੈ।” ਹੁਣ ਸਟੂਡੈਂਟ ਪੁਲੀਸ ਸਟੇਸ਼ਨ ਦੇ ਚੱਕਰ ਕੱਟਣ ਲਈ ਮਜ਼ਬੂਰ ਹੈ ਪਰ ਅਜੇ ਤੱਕ ਕੁੱਝ ਹੱਥ ਪੱਲੇ ਨਹੀਂ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 24 ਸਾਲਾ ਇੰਟਰਨੈਸ਼ਨ ਸਟੂਡੈਂਟ ਉਮੇਰ ਇਸ਼ਫ਼ਾਕ (Umair Ishfaq) ਦਾ ਹੈ। ਜੋ ਮੂਲ ਰੂਪ ਵਿੱਚ ਪਾਕਿਸਤਾਨ ਨਾਲ ਸਬੰਧਤ ਹੈ ਅਤੇ ਅੱਜਕੱਲ੍ਹ ਵੈਸਟਰਨ ਆਸਟਰੇਲੀਆ ਵਿੱਚ ਪਰਥ ਸਿਟੀ ਦੇ ਟੂਆਰਟ ਸਬਅਰਬ ਵਿੱਚ ਰਹਿੰਦਾ ਹੈ। ਦਰਅਸਲ ਉਸਨੇ ਕੱਝ ਸਮਾਂ ਪਹਿਲਾਂ ਫੇਸਬੁੱਕ ਮਾਰਕੀਟ ਪਲੇਸ ਤੋਂ 2018 ਮਾਡਲ ਹੋਲਡਨ ਅਸਟਰਾ 6500 ਡਾਲਰ `ਚ ਖ੍ਰੀਦੀ ਸੀ। ਖ੍ਰੀਦਣ ਤੋਂ ਪਹਿਲਾਂ ਉਸਨੇ ਪਰਸਨਲ ਪ੍ਰਾਪਰਟੀ ਸਕਿਉਰਿਟੀਜ਼ ਰਜਿਸਟਰ (PPSR) ਰਿਪੋਰਟ ਵੀ ਪ੍ਰਾਪਤ ਕੀਤੀ ਸੀ। ਜਿਸ ਵਿੱਚ ਸਬੰਧਤ ਕਾਰ ਦੇ ਚੋਰੀ ਹੋਣ ਬਾਰੇ ਕੋਈ ਰਿਕਾਰਡ ਨਹੀਂ ਸੀ।

ਇਸ਼ਫ਼ਾਕ ਅਨੁਸਾਰ ਕਾਰ ਵੇਚਣ ਵਾਲਾ ਬਹੁਤ ਵਧੀਆ ਆਦਮੀ ਦਿਸਦਾ ਸੀ ਅਤੇ ਭਰੋਸਾ ਕਰਕੇ ਉਸਨੇ ਕਾਰ ਖ੍ਰੀਦ ਲਈ। ਪਰ ਪੰਜ ਦਿਨ ਬਾਅਦ ਦੇਰ ਸ਼ਾਮ 10-11 ਵਜੇ ਪੁਲੀਸ ਉਸਦੇ ਘਰ ਆ ਗਈ ਤੇ ਆਖ ਕੇ ਕਾਰ ਲੈ ਗਈ ਕਿ ਕਾਰ ਚੋਰੀ ਦੀ ਹੈ। ਜਿਸ ਕਰਕੇ ਇਸ਼ਫ਼ਾਕ ਪੁਲੀਸ ਨਾਲ ਜਿਆਦਾ ਬਹਿਸ ਨਾ ਕਰ ਸਕਿਆ। ਹਾਲਾਂਕਿ ਉਸਨੇ ਪੀਪੀਐਸਆਰ ਰਿਪੋਰਟ ਵਿਖਾ ਦਿੱਤੀ ਸੀ। ਜਿਸ ਪਿੱਛੋਂ ਹੁਣ ਉਸਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਸਨੇ ਕਾਰ ਵਾਪਸ ਲੈਣ ਲਈ ਪੁਲੀਸ ਕੋਲ ਕਲੇਮ ਕਰ ਦਿੱਤਾ ਹੈ, ਜਿਸ ਬਾਰੇ 28 ਸਤੰਬਰ ਨੂੰ ਪਤਾ ਲੱਗੇਗਾ ਕਿ ਕਾਰ ਉਸਨੂੰ ਵਾਪਸ ਮਿਲੇਗੀ ਜਾਂ ਨਹੀਂ। ਹਾਲਾਂਕਿ ਪੁਲੀਸ ਦਾ ਕਹਿਣਾ ਹੈ ਕਿ ਫਿਲਹਾਲ ਕਾਰ ਬਾਰੇ ਜਾਂਚ ਚੱਲ ਰਹੀ ਹੈ।

Leave a Comment