ਆਸਟਰੇਲੀਆ `ਚ ਪੰਜਾਬੀ ਪਰਿਵਾਰ ਨੂੰ ਡੀਪੋਰਟੇਸ਼ਨ ਦਾ ਡਰ – ਇਮੀਗਰੇਸ਼ਨ ਨਿਯਮਾਂ ਨੇ ਬਣਾਇਆ ਡਾਵਾਂਡੋਲ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ `ਚ ਇੱਕ ਪੰਜਾਬੀ ਪਰਿਵਾਰ ਟ੍ਰਿਬਊਨਲ ਅੱਗੇ ਕੇਸ ਹਾਰ ਜਾਣ ਕਰਕੇ ਅਤੇ ਰੈਜੀਡੈਂਸੀ ਨਾ ਮਿਲਣ ਕਰਕੇ ਸੰਕਟ ਨਾਲ ਜੂਝ ਰਿਹਾ ਹੈ। ਇਮੀਗਰੇਸ਼ਨ ਦੇ ਨਿਯਮਾਂ ਨੇ ਉਨ੍ਹਾਂ ਦੀ ਸਥਿਤੀ ਡਾਵਾਂਡੋਲ ਬਣਾ ਦਿੱਤੀ ਹੈ ਕਿਉਂਕਿ ਇੰਪਲੋਏਅਰ `ਤੇ ਨਿਰਭਰਤਾ ਹੋਣ ਕਰਕੇ ਅਜਿਹੇ ਹਾਲਾਤ ਵੇਖਣੇ ਪੈ ਰਹੇ ਹਨ। ਹਾਲਾਂਕਿ ਪਰਿਵਾਰ ਇੱਥੇ 7-8 ਸਾਲ ਤੋਂ ਰਹਿ ਰਿਹਾ ਹੈ। ਜੇਕਰ ਇਮੀਗਰੇਸ਼ਨ ਮਨਿਸਟਰ 5 ਸਤੰਬਰ ਤੱਕ ਆਪਣੇ ਵਿਸ਼ੇਸ਼ ਅਧਿਕਾਰ ਨਾਲ ਪਰਿਵਾਰ ਨੂੰ ਰਾਹਤ ਦੇ ਦੇਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਉਨ੍ਹਾਂ ਨੂੰ ਡੀਪੋਰਟੇਸ਼ਨ ਦਾ ਡਰ ਸਤਾਵੇਗਾ ਜਾਂ ਫਿਰ ਬਰਿਜੰਗ ਵੀਜ਼ੇ ਲਈ ਇਮੀਗਰੇਸ਼ਨ ਦਾ ਦਰਵਾਜ਼ਾ ਖੜਕਾਉਣਾ ਪਵੇਗਾ।

ਇੱਕ ਰਿਪੋਟ ਅਨੁਸਾਰ ਇਹ ਦਰਦ ਕਹਾਣੀ ਹੈ ਮੈਲਬਰਨ ਦੇ ਸਨਬਰੀ ਵਿੱਚ ਰਹਿਣ ਵਾਲੀ ਸੁਖਦੀਪ ਕੌਰ ਗਰਚਾ, ਉਸਦੇ ਪਤੀ ਜਸਵਿੰਦਰ ਸਿੰਘ ਗਰਚਾ ਅਤੇ ਧੀ ਰਵਨੀਤ ਗਰਚਾ ਦੀ। ਸੁਖਦੀਪ ਸਾਲ 2015 `ਚ ਕਿਸੇ ਇੰਪੋਏਅਰ ਰਾਹੀਂ ਸਪੌਂਸਰ ਕੀਤੇ ਵਰਕ ਵੀਜ਼ੇ `ਤੇ ਆਸਟਰੇਲੀਆ `ਚ ਬਤੌਰ ਕੁੱਕ ਇੱਕ ਰੈਸਟੋਰੈਂਟ `ਚ ਕੰਮ ਕਰਨ ਆਈ ਸੀ। ਪਰ ਛੇਤੀ ਹੀ ਤਨਖ਼ਾਹ ਅਤੇ ਹੋਰ ਕਾਰਨਾਂ ਕਰਕੇ ਦੋਹਾਂ ਧਿਰਾਂ  ਦੀ ਅਣਬਣ ਹੋ ਗਈ। ਸਾਲ 2018 `ਚ ਉਸਦੀ ਸਪੌਂਸਰ ਆਸਟਰੇਲੀਅਨ ਬਾਰਡਰ ਫੋਰਸ ਨੇ ਕੈਂਸਲ ਕਰ ਦਿੱਤੀ ਅਤੇ ਇੰਪਲੋਏਅਰ ਨੇ  ਕਦੇ ਵੀ ਉਸਦੀ ਪਰਮਾਨੈਂਟ ਰੈਜੀਡੈਂਸੀ ਵਾਸਤੇ ਨੌਮੀਨੇਸ਼ਨ ਸਪੌਂਸਰ ਨਹੀਂ ਕੀਤੀ।

ਅਜਿਹੇ ਹਾਲਾਤ `ਚ ਪਰਿਵਾਰ ਦੀ 20 ਸਾਲਾ ਧੀ ਰਵਨੀਤ ਕੌਰ ਦੇ ਭਵਿੱਖ `ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਉਹ ਨਰਸਿੰਗ ਗਰੈਜੂਏਟ ਹੈ ਅਤੇ ਹੋਰ ਪੜ੍ਹਾਈ ਕਰਕੇ ਪੁਲੀਸ `ਚ ਭਰਤੀ ਹੋਣਾ ਚਾਹੁੰਦੀ ਹੈ ਪਰ ਉਸਦੇ ਮਾਂ-ਬਾਪ ਅਤੇ ਉਸ ਕੋਲ ਪਰਮਾਨੈਂਟ ਰੈਜੀਡੈਂਸੀ ਨਾ ਹੋਣ ਕਰਕੇ ਪੁਲੀਸ ਵਿੱਚ ਭਰਤੀ ਵੀ ਨਹੀਂ ਹੋ ਸਕਦੀ। ਜਿਸ ਕਰਕੇ ਉਸਨੂੰ ਹੁਣ ਆਪਣਾ ਸਾਰਾ ਪਲਾਨ ਬਦਲਣਾ ਪੈ ਰਿਹਾ ਹੈ।

ਇਸ ਸਬੰਧ `ਚ ਹਿਊਮਨ ਰਾਈਟਸ ਲਾਅ ਸੈਂਟਰ ਨਾਲ ਸਬੰਧਤ ਵਕੀਲ ਸਨਮਤੀ ਵਰਮਾ ਦਾ ਕਹਿਣਾ ਹੈ ਕਿ ਸੁਖਦੀਪ ਦਾ ਕੇਸ ਇਸ ਗੱਲ ਦਾ ਪ੍ਰਤੀਕ ਹੈ ਕਿ ਮਾਈਗਰੈਂਟ ਵਰਕਰ ਆਪਣੇ ਭਵਿੱਖ ਲਈ ਇੰਪਲੋਏਅਰਜ਼ ਨਾਲ ਬੱਝ ਕੇ ਰਹਿ ਗਏ ਹਨ। ਭਾਵ ਇੰਪੋਲੋਏਅਰ ਹੀ ਮਾਈਗਰੈਂਟਸ ਦੇ ਭਾਗਾਂ ਦਾ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਵਰਕਰ ਦੀ ਰੈਜੀਡੈਂਸੀ ਲਈ ਸਹਿਯੋਗ ਦੇਣਾ ਹੈ ਜਾਂ ਨਹੀਂ। ਜਿਸ ਕਰਕੇ ਇੰਪਲੋਏਅਰ ਉੱਤੇ ਵਰਕਰ ਦੀ ਨਿਰਭਰਤਾ ਕਾਰਨ ਹੀ ਸੁਖਦੀਪ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ੈਰ ! ਵੂਲਵਰਥ `ਚ ਕਸਟਮਰ ਸੇਵਾਵਾਂ ਦੇਣ ਵਾਲੀ ਸੁਖਦੀਪ ਕੌਰ ਦੇ ਪਰਿਵਾਰ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਜਿਸ ਵਿੱਚੋਂ ਨਿਕਲਣ ਲਈ ਪਰਿਵਾਰ ਹਰ ਹੀਲਾ ਵਰਤਣ ਦੀ ਕੋਸਿ਼ਸ਼ ਕਰ ਰਿਹਾ ਹੈ। ਜੇ ਇਮੀਗਰੇਸ਼ਨ ਮਨਿਸਟਰ ਐਂਡਰੀਊ ਜਾਈਲਜ ਨੇ ਆਪਣੀ ਪਾਵਰ ਵਰਤ ਕੇ ਪਰਿਵਾਰ `ਤੇ ਮਿਹਰ ਕਰ ਦਿੱਤੀ ਤਾਂ ਠੀਕ ਰਹੇਗਾ। ਨਹੀਂ ਤਾਂ ਪਰਿਵਾਰ `ਤੇ ਡੀਪੋਰਟੇਸ਼ਨ ਦਾ ਡਰ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਬਰਿਜੰਗ ਵੀਜ਼ਾ ਅਪਲਾਈ ਨਹੀਂ ਹੋ ਜਾਂਦਾ।

Leave a Comment