ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ `ਚ ਅਣਗਹਿਲੀ ਵਰਤਣ ਦੇ ਦੋਸ਼ `ਚ ਇੱਕ ਚਾਈਲਡ ਕੇਅਰ ਸੈਂਟਰ (Child Care Centre) ਅਜਿਹੀ ਕਿਸਮ ਦਾ ਪਹਿਲਾ ਸਭ ਤੋਂ ਵੱਡਾ 90 ਹਜ਼ਾਰ ਡਾਲਰ ਦਾ ਜ਼ੁਰਮਾਨਾ ਭਰੇਗਾ। ਦੇਸ਼ ਦੇ ਇਤਿਹਾਸ `ਚ ਅਜੇ ਤੱਕ ਪਹਿਲਾਂ ਕਦੇ ਵੀ ਇੰਨਾ ਵੱਡਾ ਜ਼ੁਰਮਾਨਾ ਬੱਚਿਆਂ ਦੀ ਸੰਭਾਲ ਕਰਨ ਵਾਲੇ ਸੈਂਟਰ ਨੂੰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇਹ ਸੈਂਟਰ ਚਲਾਉਣ ਵਾਲੀ ਸੰਸਥਾ ਵੀ ਸਰਕਾਰ ਦੀ ਨਿਗਰਾਨੀ ਹੇਠ ਆ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵੈਸਟਰਨ ਆਸਟਰੇਲੀਆ ਦੇ ਪਰਥ ਸਿਟੀ ਨਾਲ ਸਬੰਧਤ ਹੈ। ਜਿੱਥੇ ਜੀ9 ਐਜੂਕੇਸ਼ਨ (G9 Education) ਵੱਲੋਂ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ ‘ਦਾ ਲਰਨਿੰਗ ਸੈਂਚੁਰੀ ਕਿੰਗਜ਼ ਸੁਕੇਅਰ’ ਦਾ ਡੇਅ ਕੇਅਰ ਸੈਂਟਰ (The Learning Sanctuary Kings Square Day Care Centre) ਚਲਾਇਆ ਜਾ ਰਿਹਾ ਹੈ।
ਉੱਥੇ ਪਿਛਲੇ ਸਾਲ 8 ਸਤੰਬਰ ਨੂੰ ਬਹੁਤ ਹੀ ਜਾਨਲੇਵਾ ਘਟਨਾ ਵਾਪਰੀ ਸੀ। ਸੈਂਟਰ ਵਿੱਚ ਦੋ ਬੱਚੇ ਬਾਹਰਲੇ ਪਾਸੇ ਇਕੱਲੇ ‘ਰੱਸੀ ਟੱਪਣ’ (Skipping Rope) ਵਾਲੀ ‘ਖੇਡ’ ਖੇਡ ਰਹੇ ਸਨ ਪਰ ਸਟਾਫ਼ ਦੀ ਅਣਗਹਿਲੀ ਕਾਰਨ ਇੱਕ ਬੱਚੇ ਨੇ ਖੇਡ-ਖੇਡ ਦੌਰਾਨ ਆਪਣੇ ਗਲ `ਚ ਰੱਸੀ ਪਾ ਲਈ ਅਤੇ ਉਹ ਬੇਹੋਸ਼ ਹੋ ਗਿਆ ਸੀ। ਸੈਂਟਰ ਦਾ ਸਟਾਫ਼ ਉਸ ਥਾਂ `ਤੇ 14 ਮਿੰਟ ਬਾਅਦ ਆਇਆ ਸੀ।
ਇਸ ਘਟਨਾ ਪਿੱਛੋਂ ਇਹ ਮਾਮਲਾ ਸਟੇਟ ਐਡਮਿਨਸਟ੍ਰੇਟਿਵ ਟ੍ਰਿਬਊਨਲ (State Administrative Tribunal) ਕੋਲ ਚਲਾ ਗਿਆ ਸੀ ਅਤੇ ਡਿਪਾਰਟਮੈਂਟ ਆਫ ਕਮਿਊਨਿਟੀਜ (Department of Communities) ਨੇ ਜਾਂਚ-ਪੜਤਾਲ ਕੀਤੀ ਸੀ। ਜਿਸ ਦੌਰਾਨ ਤੱਥ ਸਾਹਮਣੇ ਆਇਆ ਸੀ ਕਿ ਸੈਂਟਰ ਦੇ ਸਟਾਫ਼ ਨੇ ਬੱਚਿਆਂ ਦੀ ਸਾਂਭ-ਸੰਭਾਲ ਦੌਰਾਨ ਅਣਗਹਿਲੀ ਵਰਤੀ ਸੀ।
ਜਿਸ ਕਰਕੇ ਸੈਂਟਰ ਨੂੰ ਦੋ ਤਰ੍ਹਾਂ ਦੀਆਂ ਅਣਗਹਿਲੀਆਂ ਲਈ 50 ਹਜ਼ਾਰ ਅਤੇ 40 ਹਜ਼ਾਰ ਡਾਲਰ ਜ਼ੁਰਮਾਨਾ ਕੀਤਾ ਗਿਆ ਹੈ। ਆਸਟਰੇਲੀਆ ਦੇ ਇਤਿਹਾਸ `ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਚਾਈਲਡ ਕੇਅਰ ਸੈਂਟਰ ਨੂੰ ਇਨੀ ਵੱਡੀ ਰਕਮ ਦਾ ਜ਼ੁਰਮਾਨਾ ਕੀਤਾ ਗਿਆ ਹੈ।