ਨਿਊਜ਼ੀਲੈਂਡ ਦੇ ਟਾਕਾਨਿਨੀ ਗੁਰੂਘਰ ਪੁੱਜੇ ਇਮੀਗਰੇਸ਼ਨ ਮਨਿਸਟਰ (Immigration Minister) -ਸੁਪਰੀਮ ਸਿੱਖ ਸੁਸਾਇਟੀ ਨੇ ਰੱਖੀਆਂ ਮਾਈਗਰੈਂਟਸ ਦੀਆਂ ਮੰਗਾਂ

ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊਜ਼ੀਲੈਂਡ `ਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਮੀਗਰੇਸ਼ਨ ਮਨਿਸਟਰ ਐਂਡਰੀਊ ਲਿਟਲ (Immigration Minister – Andrew Little) ਨੇ ਸ਼ਨੀਵਾਰ ਨੂੰ ਆਕਲੈਂਡ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਵਿੱਚ ਹਾਜ਼ਰੀ ਭਰੀ। ਜਿਸ ਦੌਰਾਨ ਪ੍ਰਬੰਧਕੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਮੈਂਬਰਾਂ ਨੇ ਪਰਵਾਸੀ ਭਾਈਚਾਰੇ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਚਿੱਠਾ ਮਨਿਸਟਰ ਅੱਗੇ ਰੱਖਿਆ। ਜਿਸ ਨਾਲ ਅਗਲੇ ਸਮੇਂ ਦੌਰਾਨ ਮਸਲੇ ਹੱਲ ਹੋਣ ਦੀ ਉਮੀਦ ਬੱਝੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਦੀ ਅਗਵਾਈ `ਚ ਪੰਜਾਬੀ-ਸਿੱਖ ਭਾਈਚਾਰੇ ਦੇ ਕਰੀਬ 25 ਮੈਂਬਰੀ ਵਫ਼ਦ ਨੇ ਲੰਬਾ ਸਮਾਂ ਇਮੀਗਰੇਸ਼ਨ ਮਨਿਸਟਰ ਨੂੰ ਦਲੀਲਾਂ ਰਾਹੀਂ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਨਿਊਜ਼ੀ਼ਲੈਂਡ ਵਸਦੇ ਪੰਜਾਬੀ-ਸਿੱਖ ਭਾਈਚਾਰੇ ਦੀਆਂ ਇਮੀਗਰੇਸ਼ਨ ਨਾਲ ਸਬੰਧਤ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਜਿਨ੍ਹਾਂ ਦਾ ਕੋਈ ਠੋਸ ਹੱਲ ਲੱਭਿਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਮਾਪਿਆਂ ਦੇ ਲੰਬੇ ਸਮੇਂ ਵੀਜ਼ੇ, ਐਕਰੀਡੇਸ਼ਨ, ਰੈਜੀਡੈਂਸ, ਅਤੇ ਪਰਿਵਾਰਕ ਵੀਜਿ਼ਆਂ ਤੋਂ ਇਲਾਵਾ ਕੋਵਿਡ-19 ਦੌਰਾਨ ਬਾਰਡਰ ਬੰਦ ਹੋਣ ਕਰਕੇ ਭਾਰਤ `ਚ ਫਸਣ ਵਾਲਿਆਂ ਦੇ ਵੀਜ਼ੇ, ਆਰਵੀ21 `ਚ ਬਾਕੀ ਰਹਿ ਗਏ ਮੈਂਬਰਾਂ ਦੇ ਵੀਜਿ਼ਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ।

ਜਿਸ ਪਿੱਛੋਂ ਵਫ਼ਦ ਨੇ ਭਰੋਸਾ ਪ੍ਰਗਟ ਕੀਤਾ ਕਿ ਮਨਿਸਟਰ ਵੱਲੋਂ ਜਿਸ ਤਰ੍ਹਾਂ ਧਿਆਨ ਨਾਲ ਗੱਲਬਾਤ ਸੁਣੀ ਗਈ ਹੈ,ਉਸ ਨਾਲ ਮਾਈਗਰੈਂਟ ਭਾਈਚਾਰੇ ਲਈ ਭਵਿੱਖ `ਚ ਵਧੀਆ ਜਾਣਕਾਰੀ ਸਾਹਮਣੇ ਆਉਣ ਦੀ ਆਸ ਹੈ।

ਜਿ਼ਕਰਯੋਗ ਹੈ ਕਿ ਨਿਊਜ਼ੀਲੈਂਡ `ਚ ਸਿੱਖ ਭਾਈਚਾਰੇ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਨੇ ਪਹਿਲਾਂ ਵੀ ਵੱਖ-ਵੱਖ ਸਮੇਂ `ਤੇ ਇਸੇ ਗੁਰੂਘਰ `ਚ ਤਤਕਾਲੀਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਅਤੇ ਕੁੱਝ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ ਨਾਲ ਵੀ ਮਾਈਗਰੈਂਟਸ ਦੇ ਮਸਲੇ ਉਠਾਏ ਸਨ।

ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੈਂਬਰ ਮਨਜਿੰਦਰ ਸਿੰਘ ਬਾਸੀ, ਰਾਜਿੰਦਰ ਸਿੰਘ ਜਿੰਦੀ, ਟਾਕਾਨਿਨੀ ਹਲਕੇ ਤੋਂ ਪਾਰਲੀਮੈਂਟ ਮੈਂਬਰ ਡਾ ਨੀਰੂ ਲਾਵੇਸਾ ਤੇ ਹੋਰ ਪਤਵੰਤੇ ਹਾਜਰ ਸਨ।

Leave a Comment