ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਵਿੱਚ ਫੈਡਰਲ ਸਰਕਾਰ ਦੀ ਪਾਲਿਸੀ ਅਨੁਸਾਰ ਅੱਜ ਤੋਂ ਲੱਖਾਂ ਮਰੀਜ਼ 60 ਦਿਨਾਂ ਡਿਸਪੈਂਸਿਗ ਪਾਲਿਸੀ ਰਾਹੀਂ ਅੱਧੇ ਮੁੱਲ `ਤੇ ਦਵਾਈ ਖ੍ਰੀਦ ਸਕਣਗੇ। ਨਵੇਂ ਫ਼ੈਸਲੇ ਨਾਲ ਜਿੱਥੇ ਮਰੀਜ਼ ਅਤੇ ਡਾਕਟਰ ਖੁਸ਼ ਹਨ,ਉੱਥੇ ਫਾਰਮਾਸਿਸਟ (Pharmacists) ਆਖ ਰਹੇ ਹਨ ਕਿ ਇਸ ਨਾਲ ਉਨ੍ਹਾਂ ਦੇ ਵਪਾਰ `ਤੇ ਮਾੜਾ ਅਸਰ ਪਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਲੋਕ ਲੰਬੀਆਂ ਬਿਮਾਰੀਆਂ ਨਾਲ ਪੀੜਿਤ ਹਨ, ਉਹ ਇੱਕ ਮਹੀਨੇ ਦੀ ਬਜਾਏ ਉਸੇ ਮੁੱਲ `ਤੇ ਦੋ ਮਹੀਨਿਆਂ ਦੀ ਦਵਾਈ ਖ੍ਰੀਦ ਸਕਣਗੇ।
ਹੈੱਲਥ ਮਨਿਸਟਰ ਮਾਰਕ ਬੁਟਲਰ ਅਨੁਸਾਰ ਜਿਹੜੇ ਲੋਕ ਦਿਲ ਦੀਆਂ ਬਿਮਾਰੀਆਂ, ਪੀੜ੍ਹੀ ਦਰ ਪੀੜ੍ਹੀ ਬਿਮਾਰੀਆਂ, ਹਾਈ ਕਲੈਸਟਰੋਲ, ਹਾਈ ਬਲੱਡ ਪ੍ਰੈਸ਼ਰ, ਔਸਟੇਉਪੋਰੋਸਿਸ, ਕਈ ਹੋਰ ਬਿਮਾਰੀਆਂ ਨਾਲ ਜੂਝ ਰਹੇ ਲੋਕ ਇਸ ਪਾਲਿਸੀ `ਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਕੋਲ ਮੈਡੀਕੇਅਰ ਕਾਰਡ ਹੈ, ਉਨ੍ਹਾਂ ਨੂੰ ਹਰ ਇੱਕ ਦਵਾਈ ਮਗਰ ਹਰ ਸਾਲ 180 ਡਾਲਰ ਦਾ ਫਾਇਦਾ ਹੋਵੇਗਾ। ਜਦੋਂ ਕਿ ਕਨਸੈਸ਼ਨ ਕਾਰਡ ਵਾਲਿਆਂ ਨੂੰ 43 ਡਾਲਰ ਦੀ ਬੱਚਤ ਹੋਵੇਗੀ। ੀੲਸ ਤੋਂ ਇਲਾਵਾ ਸ਼ਹਿਰਾਂ ਤੋਂ ਦੂਰ ਰਹਿਣ ਵਾਲੇ ਲੋਕਾਂ ਨੂੰ ਹਰ ਮਹੀਨੇ ਫਾਰਮੇਸੀ `ਤੇ ਜਾਣ ਦੀ ਲੋੜ ਨਹੀਂ ਰਹੇਗੀ ਤੇ ਉਹ ਇਕੱਠੀ ਦੋ ਮਹੀਨੇ ਦੀ ਦਵਾਈ ਲੈ ਸਕਣਗੇ।
ਕੰਜਿ਼ਊਮਰ ਹੈੱਲਥ ਫੋਰਮ ਦੀ ਸੀਈਉ ਐਲਿਜ਼ਾਬੇਥ ਡੇਵਨੇ ਨੇ ਇਸਨੂੰ ਲੋਕਾਂ ਦੀ “ਮਹੱਤਵਪੂਰਨ ਜਿੱਤ” ਦੱਸਿਆ ਹੈ।
ਦੂਜੇ ਪਾਸੇ ਫਾਰਮਾਸਿਸਟਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਉਨ੍ਹਾਂ ਦੇ ਬਿਜ਼ਨਸ `ਤੇ ਮਾੜਾ ਅਸਰ ਪਵੇਗਾ।