ਮੈਲਬਰਨ : ਪੰਜਾਬੀ ਕਲਾਊਡ ਟੀਮ
– ਨਿਊਜ਼ੀਲੈਂਡ `ਚ ਮੁੱਖ ਵਿਰੋਧੀ ਧਿਰ, ਨੈਸ਼ਨਲ ਪਾਰਟੀ ਨੇ ਆਪਣੀ ਮਨਸ਼ਾ ਜ਼ਾਹਰ ਕੀਤੀ ਹੈ ਕਿ ਜੇ ਅਕਤੂਬਰ ਦੀਆਂ ਪਾਰਲੀਮੈਂਟ ਚੋਣਾਂ `ਚ ਜਿੱਤ ਕੇ ਸਰਕਾਰ ਬਣਾਉਣ ਦਾ ਮੌਕਾ ਮਿਲਆ ਤਾਂ ਪਾਰਟਨਰ ਰੈਜੀਡੈਂਸ ਵੀਜ਼ਾ ਫੀਸ (Partner Residence Visa Fee) ਤਿੰਨ ਗੁਣਾ ਵਧਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ “ਪੈਸਾ ਸੁੱਟ ਤੇ ਮੌਜਾਂ ਲੁੱਟ” ਦੇ ਕਥਨ ਅਨੁਸਾਰ ਕੋਈ ਵੀ ਐਪਲੀਕੈਂਟ ਵਾਧੂ ਫ਼ੀਸ ਭਰ ਕੇ ਆਪਣੀ ਐਪਲੀਕੇਸ਼ਨ ਦੀ ਪ੍ਰਾਸੈਸਿੰਗ ਨੂੰ ਫਾਸਟ-ਟਰੈਕ ਕਰਵਾ ਸਕੇਗਾ।
ਨੈਸ਼ਨਲ ਦੇ ਇਸ ਫ਼ੈਸਲੇ ਦੀ ਵਿਰੋਧੀ ਗਰੀਨ ਪਾਰਟੀ ਅਤੇ ਮਾਈਗਰੈਂਟਸ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਨਿਖੇਧੀ ਕਰਦਿਆਂ ਆਖਿਆ ਹੈ ਕਿ ਇਸ ਨਾਲ ਮਾਈਗਰੈਂਟ ਵਰਕਰਾਂ `ਤੇ ਵਿੱਤੀ ਬੋਝ ਪਵੇਗਾ ਅਤੇ ਘੱਟ ਆਮਦਨ ਤੇ ਵੱਧ ਆਮਦਨ ਵਾਲੇ ਮਾਈਗਰੈਂਟ ਵਰਕਰਾਂ `ਚ ਪਾੜਾ ਹੋਰ ਵਧੇਗਾ। ਹਾਲਾਂਕਿ ਨੈਸ਼ਨਲ ਇਸ ਨੀਤੀ ਨੂੰ ਜਾਇਜ਼ ਠਹਿਰਾਉਣ ਲਈ ਆਪਣੇ ਤਰਕ ਦੇ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਪਾਰਟੀ ਨੇ ਪਾਰਟਨਰ ਰੈਜ਼ੀਡੈਂਸ ਵੀਜ਼ਾ ਫੀਸ 2 ਹਜ਼ਾਰ 750 ਡਾਲਰ ਤੋਂ ਵਧਾ ਕੇ 9 ਹਜ਼ਾਰ 631 ਡਾਲਰ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਆਸਟਰੇਲੀਆ `ਚ ਮੌਜੂਦਾ ਸਮੇਂ ਇਹ ਫੀਸ 8 ਹਜ਼ਾਰ 668 ਡਾਲਰ ਹੈ। ਹਾਲਾਂਕਿ ਨੈਸ਼ਨਲ ਦਾ ਕਹਿਣਾ ਹੈ ਕਿ ਬਾਕੀ ਵੀਜ਼ਾ ਕੈਟਾਗਿਰੀਆਂ ਲਈ ਫ਼ੀਸ ਨਹੀਂ ਵਧਾਈ ਜਾਵੇਗੀ ਅਤੇ ਵਿਜ਼ਟਰ ਵੀਜ਼ੇ ਵਾਲੀ ਫ਼ੀਸ ਨੂੰ ਪਹਿਲਾਂ ਹੀ ਜਿਆਦਾ ਦੱਸਿਆ ਹੈ।
ਭਾਵੇਂ ਕਿ ਨੈਸ਼ਨਲ ਪਾਰਟੀ ਦੀ ਇਮੀਗਰੇਸ਼ਨ ਮਾਮਲਿਆਂ ਬਾਰੇ ਸਪੋਕਸਪਰਸਨ ਐਰਿਕਾ ਸਟੈਨਫੋਰਡ ਨੇ ਆਪਣੀ ਇਮੀਗਰੇਸ਼ਨ ਪਾਲਿਸੀ ਬਿਲਕੁਲ ਜਾਇਜ਼ ਦੱਸਿਆ ਹੈ ਪਰ ਗਰੀਨ ਪਾਰਟੀ ਦੇ ਸਪੋਕਸਪਰਸਨ ਰਿਕਾਰਡੋ ਗਰੀਨ ਦਾ ਕਹਿਣਾ ਹੈ ਕਿ ਮਾਈਗਰੈਂਟਸ ਨੂੰ ਵਾਰ-ਵਾਰ ਵੀਜ਼ੇ ਅਪਲਾਈ ਕਰਨੇ ਪੈਂਦੇ ਹਨ। ਜਿਸ ਕਰਕੇ ਫ਼ੀਸਾਂ ਦਾ ਵਾਧਾ ਉਨ੍ਹਾਂ ਦੀ ਜਿ਼ੰਦਗੀ ਨੂੰ ਹੋਰ ਵੀ ਸਖ਼ਤ ਬਣਾ ਦੇਵੇਗਾ।
ਇਸੇ ਤਰ੍ਹਾਂ ਮਾਈਗਰੈਂਟ ਵਰਕਰਜ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਅਨੂ ਕਲੋਟੀ ਨੇ ਵੀ ਨੈਸ਼ਨਲ ਦੀ ਸੰਭਾਵੀ ਨੀਤੀ ਦਾ ਵਿਰੋਧ ਕਰਦਿਆਂ ਆਖਿਆ ਹੈ ਕਿ ਅਜਿਹਾ ਹੋਣ ਨਾਲ ਸਿਰਫ਼ ਵੱਧ ਆਮਦਨ ਵਾਲਿਆਂ ਨੂੰ ਹੀ ਲਾਭ ਹੋਵੇਗਾ। ਜੋ ਆਮ ਲੋਕਾਂ ਵਾਸਤੇ ਵੱਡੀ ਸਮੱਸਿਆ ਅਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਵਾਧੂ ਫੀਸ ਭਰ ਕੇ ਫਾਸਟ-ਟਰੈਕ ਸੇਵਾਵਾਂ ਦੇਣ ਦੀ ਬਜਾਏ ‘ਪਹਿਲਾਂ ਆਉ, ਪਹਿਲਾਂ ਪਾਉ’ ਦੇ ਸਿਧਾਂਤ ਅਨੁਸਾਰ ਵੀਜ਼ਾ ਐਪਲੀਕੇਸ਼ਨਜ ਪ੍ਰਾਸੈੱਸ ਕੀਤੀਆਂ ਜਾਣੀਆਂ ਚਾਹੀਦੀਆਂ ਹਨ।