ਮੈਲਬਰਨ : ਪੰਜਾਬੀ ਕਲਾਊਡ ਟੀਮ-
ਪ੍ਰੀ-ਸਕੂਲ ਐਜ਼ੂਕੇਸ਼ਨ (Pre-School Education) ਨੂੰ ਬੱਚਿਆਂ ਲਈ ਹੋਰ ਬਿਹਤਰ ਬਣਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਦੀ ਅਗਵਾਈ ਵਾਲੇ ਕਮਿਸ਼ਨ ਦੀ ਵੈਸਟਰਨ ਆਸਟਰੇਲੀਆ ਦੀ ਸਰਕਾਰ ਨੂੰ ਸੌਂਪੀ ਹੋਈ ਅੰਤਿਮ ਰਿਪੋਰਟ ਰਿਲੀਜ਼ ਕਰ ਦਿੱਤੀ ਹੈ, ਜਿਸ ਦੀਆਂ 13 ਸਿਫ਼ਾਰਸ਼ਾਂ ਵੈਸਟਰਨ ਆਸਟਰੇਲੀਆ ਸਰਕਾਰ ਨੇ ਮੰਨ ਲਈਆਂ ਹਨ, ਜਿਨ੍ਹਾਂ ਨੂੰ ਲਾਗੂ ਕਰਨ ਲਈ 70 ਮਿਲੀਅਨ ਡਾਲਰ ਦੇਣ ਦਾ ਵਚਨ ਦਿੱਤਾ ਹੈ। ਜਿਸ ਬਾਰੇ ਪ੍ਰੀਮੀਅਰ ਪੀਟਰ ਨੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਇਹ ਰਿਪੋਰਟ ਵੈਸਟਰਨ ਆਸਟਰੇਲੀਅਨਾਂ ਦੀ ਜਿ਼ੰਦਗੀ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਸਿਫ਼ਾਰਸ਼ਾਂ ਅਨੁਸਾਰ ‘ਆਊਟ-ਆਫ-ਸਕੂਲ-ਆਵਰਜ’ (Out of school hours) ਬਾਰੇ ਅਗਲੇ ਸਾਲ ਟਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ। ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਹੈ ਕਿ ਬੱਚਿਆਂ ਦੇ ਸਹੀ ਵਿਕਾਸ ਵਾਸਤੇ ਸਰਵਿਸ ਸੈਂਟਰਾਂ ਅਤੇ ਪ੍ਰੀ-ਸਕੂਲਾਂ `ਚ ‘ਆਊਟ-ਆਫ-ਸਕੂਲ-ਆਵਰਜ’ ਵਧਾਏ ਜਾਣੇ ਚਾਹੀਦੇ ਹਨ।
ਅਰਲੀ ਚਾਈਲਡਹੁੱਡ ਐਜ਼ੂਕੇਸ਼ਨ (Early Childhood Education) ਵਿੱਚ ਰਾਇਲ ਕਮਿਸ਼ਨ ਦਾ ਪਿਛਲੇ ਸਾਲ ਗਠਨ ਕੀਤਾ ਗਿਆ ਸੀ।
ਸਿਫਾਰਸ਼ਾਂ ਪਿੱਛੋਂ ਸਰਕਾਰ ਇਸ ਗੱਲ ਨਾਲ ਸਹਿਮਤ ਹੋ ਗਈ ਹੈ ਕਿ ਅਰਲੀ-ਚਾਈਲਡਹੁੱਡ ਸਿੱਖਿਆ ਦੇਣ ਵਾਲੇ ਸੈਂਟਰਾਂ ਦੀ ਅਸੈੱਸਮੈਂਟ ਹਰ ਤਿੰਨ ਸਾਲ ਬਾਅਦ ਹੋਇਆ ਕਰੇਗੀ, ਜੋ ਕਿ ਹੁਣ ਤੱਕ 10 ਸਾਲ ਬਾਅਦ ਹੁੰਦੀ ਸੀ।
ਇੱਕ ਐਨਜੀਉ ‘ਪੇਰੈਂਟਹੁੱਡ’ ਦੀ ਸੀਈਉ ਦਾ ਕਹਿਣਾ ਹੈ ਇਹ ਇੱਕ ਮਹੱਤਵਪੂਰਨ ਰਿਪੋਰਟ ਹੈ, ਜਿਸਨੇ ਵਰਕਿੰਗ ਫੈਮਲੀਜ਼ ਦੇ ਪੱਖ ਦੀ ਗੱਲ ਕਰਦਿਆਂ “ਆਊਟ-ਆਫ-ਸਕੂਲ-ਆਵਰਜ” ਵਧਾਉਣ ਦੀ ਸਿਫਾਰਸ਼ ਕੀਤੀ ਹੈ।
ਦੂਜੇ ਪਾਸੇ ਵਿਰੋਧੀ ਧਿਰ ਨਾਲ ਸਬੰਧਤ ਐਜ਼ਕੇਸ਼ਨ ਸਪੋਕਸਪਰਸਨ ਜੌਹਨ ਗਾਰਡਨਰ ਦਾ ਕਹਿਣਾ ਹੈ ਕਿ ਨਵੀਂਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਅਰਲੀ-ਚਾਈਲਡਹੁੱਡ `ਚ ਕੰਮ ਕਰਨ ਵਾਲੇ ਵਰਕਰ ਕਿੱਥੋਂ ਆਉਣਗੇ, ਕਿਉਂਕਿ ਅਜਿਹੇ ਵਰਕਰਾਂ ਦੀ ਪਹਿਲਾਂ ਹੀ ਬਹੁਤ ਥੁੜ ਹੈ।