ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ `ਤੇ ਕੁੱਝ ਸਖਤੀ ਕਰਨ ਦੀ ਤਿਆਰੀ ਕਰ ਰਹੀ ਹੈ। ਪਹਿਲੀ ਅਕਤੂਬਰ ਤੋਂ ਨਵੇਂ ਨਿਯਮਾਂ ਤਹਿਤ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਪਣਾ ਯੂਨੀਵਰਸਿਟੀ ਕੋਰਸ ਛੇ ਮਹੀਨੇ ਤੋਂ ਪਹਿਲਾਂ ਨਹੀਂ ਛੱਡ ਸਕੇਗਾ। ਇਹ ਰੁਝਾਨ ਇਸ ਸਾਲ ਬਹੁਤ ਵਧ ਗਿਆ ਹੈ, ਕਿਉਂਕਿ ਵਿਦਆਰਥੀ ਪਹਿਲਾਂ ਯੂਨੀਵਰਸਿਟੀ ਵਿੱਚ ਦਾਖ਼ਲਾ ਕਰਵਾ ਲੈਂਦੇ ਹਨ ਪਰ ਆਸਟਰੇਲੀਆ ਪਹੁੰਚ ਕੇ ਛੋਟੇ-ਛੋਟੇ ਕਾਲਜਾਂ ਵਿੱਚ ਵੀ ਨਾਲੋ-ਨਾਲ ਛੋਟੇ-ਛੋਟੇ ਕੋਰਸਾਂ ਦਾਖ਼ਲਾ ਲੈ ਲੈਂਦੇ ਹਨ। ਨਵੇਂ ਨਿਯਮਾਂ ਨਾਲ ਛੋਟੇ-ਛੋਟੇ ਕਾਲਜਾਂ `ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਰਹਿਣ-ਸਹਿਣ ਦੇ ਖ਼ਰਚੇ ਵਾਲੇ 25 ਹਜ਼ਾਰ 505 ਡਾਲਰ ਦਾ ਸਬੂਤ ਵੀ ਵਿਖਾਉਣਾ ਪਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਆਸਟਰੇਲੀਆ ਸਰਕਾਰ ਨੇ ਕਵਾਲਿਟੀ ਐਜ਼ੂਕੇਸ਼ਨ ਅਤੇ ਅੰਤਰ-ਰਾਸ਼ਟਰੀ ਪੱਧਰ `ਤੇ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ ਲਈ ਅਜਿਹਾ ਕਦਮ ਚੁੱਕਿਆ ਹੈ, ਕਿਉਂਕਿ ਏਜੰਟਾਂ ਦੀ ਸਲਾਹ `ਤੇ ਬਹੁਤ ਸਾਰੇ ਸਟੂਡੈਂਟਸ ਆਸਟਰੇਲੀਆ ਪਹੁੰਚ ਕੇ ਛੋਟੇ-ਛੋਟੇ ਘੱਟ ਫੀਸ ਵਾਲੇ ਕਾਲਜਾਂ `ਚ ਵੋਕੇਸ਼ਨਲ ਕੋਰਸ ਲੈ ਲੈਂਦੇ ਹਨ ਅਤੇ ਬਾਅਦ `ਚ ਯੂਨੀਵਰਸਿਟੀ ਕੋਰਸ ਛੱਡ ਕੇ ਛੋਟੇ ਕੋਰਸ ਨੂੰ ਹੀ ਅਪਣਾ ਲੈਂਦੇ ਹਨ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਵੱਡੀ ਗਿਣਤੀ `ਚ 17 ਹਜ਼ਾਰ ਵਿਿਦਆਰਥੀਆਂ ਨੇ ਉਹ ਕੋਰਸ ਛੱਡ ਦਿੱਤਾ ਸੀ, ਜੋ ਉਨ੍ਹਾਂ ਨੇ ਆਸਟਰੇਲੀਆ ਪਹੁੰਚਣ ਤੋਂ ਪਹਿਲਾਂ ਸਟੱਡੀ ਵੀਜ਼ਾ ਲੈਣ ਵੇਲੇ ਲਿਆ ਸੀ। ਇਸ ਗਿਣਤੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਦੋਂਕਿ ਪਿਛਲੇ ਸਾਲ ਅਤੇ ਸਾਲ 2019 ਦੇ ਪਹਿਲੇ ਛੇ ਮਹੀਨਿਆਂ ਦੌਰਾਨ 10 ਹਜ਼ਾਰ 500 ਵਿਦਆਰਥੀਆਂ ਨੇ ਹੀ ਕੋਰਸ ਬਦਲਿਆ ਸੀ।
ਹਾਲਾਂਕਿ ਹੁਣ ਤੱਕ ਦੇ ਨਿਯਮਾਂ ਅਨੁਸਾਰ ਕੋਈ ਵੀ ਵਿਦਆਰਥੀ ਕੋਰਸ ਬਦਲ ਸਕਦਾ ਹੈ ਪਰ ਸਰਕਾਰ ਨੇ ਇਸ ਗੱਲ ਦੀ ਜਾਂਚ-ਪੜਤਾਲ ਕੀਤੀ ਹੈ ਕਿ ਸਟੂਡੈਂਟ ਅਜਿਹੇ ਨਿਯਮਾਂ ਦੀ ਦੁਰਵਰਤੋਂ ਕਰ ਰਹੇ ਹਨ। ਜਿਸਦੇ ਤਹਿਤ ਵਿਦੇਸ਼ਾਂ ਚੋਂ ਸਟੂਡੈਂਟਸ ਇੱਕ ਵਾਰ ਯੂਨੀਵਰਸਿਟੀ `ਚ ਦਾਖਲਾ ਲੈ ਲੈਂਦੇ ਹਨ ਅਤੇ ਕਈ ਨਾਲੋ-ਨਾਲ ਕਿਸੇ ਛੋਟੇ ਜਿਹੇ ਕਾਲਜ ਵਿੱਚ ਘੱਟ ਫੀਸ ਵਾਲਾ ਛੋਟਾ ਕੋਰਸ ਲੈ ਲੈਂਦੇ ਹਨ। ਨਿਯਮਾਂ `ਚ ਇਹ ਖੁੱਲ੍ਹ ਇਸ ਕਰਕੇ ਦਿੱਤੀ ਗਈ ਸੀ ਤਾਂ ਜੋ ਇੰਟਰਨੈਸ਼ਨਲ ਸਟੂਡੈਂਟਸ ਮੇਨ ਪੜ੍ਹਾਈ ਦੇ ਨਾਲ-ਨਾਲ ਛੋਟੇ-ਛੋਟੇ ਕੋਰਸ ਕਰਕੇ ਪਾਰਟ-ਟਾਈਮ ਕੰਮ ਲੱਭ ਸਕਣ। ਪਰ ਸਰਕਾਰ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਐਜੂਕੇਸ਼ਨ ਏਜੰਟਾਂ ਦੀ ਸਲਾਹ ਨਾਲ ਸਟੂਡੈਂਟਸ ਜਿਆਦਾ ਫ਼ੀਸ ਵਾਲਾ ਮੇਨ ਕੋਰਸ ਛੱਡ ਕੇ ਛੋਟੇ-ਛੋਟੇ ਵੋਕੇਸ਼ਨਲ ਕੋਰਸਾਂ ਵਿੱਚ ਹੀ ਪੱਕੇ ਤੌਰ `ਤੇ ਦਾਖਲੇ ਲੈਣ ਲੱਗ ਪਏ ਹਨ। ਜਿਸ ਬਾਰੇ ਸਰਕਾਰ ਨੇ ਸਮਝਿਆ ਕਿ ਇਸ ਰੂਲ ਦੀ ਦੁਰਵਰਤੋਂ ਹੋ ਰਹੀ ਹੈ। ਜਿਸ ਤੋਂ ਚੇਤੰਨ ਹੋ ਕੇ ਆਸਟਰੇਲੀਆ ਸਰਕਾਰ ਇਸ ਚੋਰ-ਮੋਰੀ ਨੂੰ ਬੰਦ ਕਰਨ ਲਈ ਕਦਮ ਚੁੱਕਣ ਜਾ ਰਹੀ ਹੈ।
ਐਜ਼ੂਕੇਸ਼ਨ ਮਨਿਸਟਰ ਜੇਸਨ ਕਲਾਰ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ ਛੋਟੇ-ਛੋਟੇ ਵੋਕੇਸ਼ਨਲ ਕਰਾਉਣ ਵਾਲੇ ‘ਸਿ਼ਕਾਰੀ’ ਕਾਲਜ ਸਟੂਡੈਂਟਸ ਨੂੰ ਪੁਰਾਣੇ ਕਾਲਜ `ਚ ਘੱਟੋ-ਘੱਟ ਛੇ ਮਹੀਨੇ ਦੀ ਪੜ੍ਹਾਈ ਤੋਂ ਪਹਿਲਾਂ ਆਪਣੇ ਕਾਲਜ ਵਿੱਚ ਦਾਖ਼ਲ ਨਹੀਂ ਕਰ ਸਕਣਗੇ। ਉਨ੍ਹਾਂ ਦੱਸਿਆ ਇੰਟਰਨੈਸ਼ਨਲ ਐਜੂਕੇਸ਼ਨ, ਆਸਟਰੇਲੀਆ ਦੀ ਚੌਥੀ ਸਭ ਤੋਂ ਵੱਡੀ ਇੰਡਸਟਰੀ ਹੈ। ਜਿਸਦੀ ਭਰੋਸੇਯੋਗਤਾ ਬਣਾ ਕੇ ਰੱਖਣੀ ਬਹੁਤ ਮਹੱਤਵਪੂਰਨ ਹੈ।
ਨਵੇਂ ਰੂਲਜ ਤਤਿਹ ਇੰਟਰਨੈਸ਼ਨਲ ਸਟੂਡੈਂਟਸ ਹੁਣ 1 ਅਕਤੂਬਰ ਤੋਂ ਸਟੱਡੀ ਵੀਜ਼ਾ ਲੈਣ ਲਈ ਆਪਣੀ ਸੇਵਿੰਗ ਵੀ ਵੱਧ ਸ਼ੋਅ ਕਰਨਗੇ। ਰਹਿਣ-ਸਹਿਣ ਦੇ ਖਰਚਿਆਂ ਵਾਸਤੇ 25 ਹਜ਼ਾਰ 505 ਡਾਲਰ ਦੀ ਸੇਵਿੰਗ ਦਾ ਸਬੂਤ ਵੀ ਵਿਖਾਉਣ ਪਵੇਗਾ। ਇਹ ਰਕਮ ਸਾਲ 2019 ਤੱਕ 15 ਕੁ ਹਜ਼ਾਰ ਡਾਲਰ ਸੀ, ਜੋ ਹੁਣ ਵਧਾ ਦਿੱਤੀ ਗਈ ਹੈ। ਜਿਸ ਨਾਲ ਇਹ ਗੱਲ ਯਕੀਨੀ ਬਣ ਜਾਵੇਗੀ ਕਿ ਜੇ ਕਿਸੇ ਸਟੂਡੈਂਟ ਨੂੰ ਲੋੜੀਂਦਾ ਕੰਮ ਨਹੀਂ ਮਿਲਦਾ ਤਾਂ ਉਹ ਇਹ ਰਕਮ ਵਰਤ ਸਕੇਗਾ ਤੇ ਕਿਸੇ ਇੰਪਲੋਏਅਰ ਕੋਲੇ ਘੱਟ ਕੰਮ ਤਨਖਾਹ `ਤੇ ਕੰਮ ਕਰਨ ਲਈ ਮਜ਼ਬੂਰ ਨਹੀਂ ਹੋਣਾ ਪਵੇਗਾ।