ਆਸਟਰੇਲੀਆ ਛੱਡਣ ਲਈ ਮਜ਼ਬੂਰ, ਮਾਈਗਰੈਂਟ ਸਲਾਹਕਾਰ `ਤੇ ਦੋਸ਼

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੀ ਟਾਸਮਾਨੀਆ ਸਟੇਟ ਵਿੱਚ ਵਧੀਆ ਢੰਗ ਨਾਲ ਰੈਸਟੋਰੈਂਟ ਚਲਾ ਰਹੇ ਪਰਿਵਾਰ ਦੀ ਅੱਠ ਸਾਲ ਦੀ ਮਿਹਨਤ ਖੂਹ-ਖਾਤੇ ਪੈਂਦੀ ਨਜ਼ਰ ਆ ਰਹੀ ਹੈ। ਵੀਜ਼ਾ ਰਿਜੈਕਟ ਹੋਣ ਪਿੱਛੋਂ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇੱਕ ਮਾਈਗਰੈਂਟ ਸਲਾਹਕਾਰ ਦੀ ਗਲਤ ਸਲਾਹ ਕਾਰਨ ਪਰਿਵਾਰ ਨੂੰ ਵਾਪਸ ਆਪਣੇ ਦੇਸ਼ ਵੀਅਤਨਾਮ ਵੱਲ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਰਾਨ ਪਰਿਵਾਰ ਨਾਲ ਸਬੰਧਤ ਹੈ, ਜਿਸਦੀ ਮੁਖੀ ਔਰਤ ਡਨ ਥੀ ਟਰਾਨ ਬਤੌਰ ਸਿੰਗਲ ਮਦਰ ਆਪਣੇ ਤਿੰਨ ਬੱਚਿਆਂ ਸਮੇਤ ਕਰੀਬ 8 ਕੁ ਸਾਲ ਪਹਿਲਾਂ ਵੀਅਤਨਾਮ ਤੋਂ ਆਸਟਰੇਲੀਆ ਆਈ ਸੀ। ਪਰਿਵਾਰ ਨੇ ਉਦੋਂ ਤੋਂ ਪੂਰਾ ਦਿਲ-ਦਿਮਾਗ ਲਾ ਕੇ ਬਿਜ਼ਨਸ ਸ਼ੁਰੂ ਕੀਤਾ ਸੀ। ਸਾਲ 2018 `ਚ ਟਸਮਾਨੀਆ ਦੇ ਲਾਉਨਕਾਸਟਨ `ਚ ਇੱਕ ਮੇਕੌਂਗ ਵੀਅਤਨਾਮੀ ਰੈਸਟੋਰੈਂਟ ਖ੍ਰੀਦਿਆ ਸੀ।

ਪਰ ਜਦੋਂ ਪਰਮਾਨੈਂਟ ਵੀਜ਼ਾ ਪਾਉਣ ਦੀ ਗੱਲ ਆਈ, ਮਾਈਗਰੈਂਟ ਸਲਾਹਕਾਰ ਨੇ ਉਨ੍ਹਾਂ ਨੂੰ ਇਮੀਗਰੇਸ਼ਨ ਦੇ ਮਾਪ-ਦੰਡਾਂ ਬਾਰੇ ਸਹੀ ਢੰਗ ਨਾਲ ਨਹੀਂ ਦੱਸਿਆ ਕਿ ਵੀਜ਼ਾ ਅਰਜ਼ੀ ਸਫਲਤਾਪੂਰਨ ਤਰੀਕੇ ਨਾਲ ਪਾਸ ਕਰਾਉਣ ਲਈ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹਨ। ਜਿਸ ਕਰਕੇ ਵੀਜ਼ਾ ਨਾ ਮਿਲਣ ਕਰਕੇ ਪਰਿਵਾਰ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ-ਆਪ ਨੂੰ ਆਸਟਰੇਲੀਆ ਵਿੱਚ ਰੱਖਣ ਲਈ ਲੋਕ ਪਟੀਸ਼ਨ ਵੀ ਸ਼ੁਰੂ ਕੀਤੀ ਹੈ, ਜਿਸ ਉੱਤੇ 14 ਹਜ਼ਾਰ ਦਸਤਖ਼ਤ ਹੋ ਚੁੱਕੇ ਹਨ।

ਪਰ ਇਮੀਗਰੇਸ਼ਨ ਮਨਿਸਟਰ ਐਂਡਰੀਉ ਜਾਈਲਜ ਇੱਕੋ-ਇੱਕ ਅਜਿਹੇ ਵਿਅਕਤੀ ਹਨ, ਜਿਹੜੇ ਆਪਣੇ ਵਿਸ਼ੇਸ਼ ਅਧਿਕਾਰ ਰਾਹੀਂ ਪਰਿਵਾਰ ਨੂੰ ਆਸਟਰੇਲੀਆ ਚੋਂ ਡੀਪੋਰਟ ਨਾ ਕੀਤੇ ਜਾਣ ਲਈ ਹੁਕਮ ਦੇ ਸਕਦੇ ਹਨ।

Leave a Comment