ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊਜ਼ੀਲੈਂਡ ਵਿੱਚ ਦੋ ਨੰਬਰ ਵਿੱਚ ਰਹਿ ਪੰਜਾਬੀਆਂ `ਤੇ ਹਰ ਰੋਜ਼ ਦੁੱਖਾਂ ਦੇ ਪਹਾੜ ਡਿੱਗ ਰਹੇ ਹਨ। ਜਿਨ੍ਹਾਂ ਵਿੱਚ ਕਈ ਪੰਜਾਬੀ ਨੌਜਵਾਨ ਵੀ ਹਨ, ਜਿਨ੍ਹਾਂ ਦੀ ਜਿ਼ੰਦਗੀ ਦੀ ਬੇੜੀ ਘੁੰਮਣਘੇਰੀ ਵਿੱਚ ਫਸੀ ਨਜ਼ਰ ਆ ਰਹੀ ਹੈ ਪਰ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ। ਕਈ ਵਾਰ ਮਾਲਕ ਉਨ੍ਹਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਤੋਂ ਕੰਮ ਵੱਧ ਕਰਾਉਂਦੇ ਹਨ ਅਤੇ ਤਨਖਾਹ ਵੀ ਡਰਾਵੇ ਦੇ ਕੇ ਬਹੁਤ ਘੱਟ ਦਿੰਦੇ ਹਨ।
ਇਮੀਗਰੇਸ਼ਨ (New Zealand Immigration) ਦੇ ਅੰਕੜਿਆਂ ਮੁਤਾਬਕ ਕਰੀਬ 14 ਹਜ਼ਾਰ ‘ਉਵਰ ਸਟੇਰਅਰ’ ਹਨ, ਜਿਨ੍ਹਾਂ ਦੀ ਕਹਾਣੀ ਲਗਪਗ ਇੱਕੋ ਜਿਹੀ ਹੈ। ਅਜਿਹੇ ਲਾਚਾਰ ਲੋਕਾਂ ਨੂੰ ਸਰਕਾਰ ਡੀਪੋਰਟ ਕਰ ਰਹੀ ਹੈ। ਪਿਛਲੇ ਸਾਲ ਜੁਲਾਈ ਤੋਂ ਲੈ ਕੇ ਅਪ੍ਰੈਲ ਤੱਕ 19 ਉਵਰ ਸਟੇਅਰਜ ਆਪੋ-ਆਪਣੇ ਦੇਸ਼ਾਂ ਲਈ ਡੀਪੋਰਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ `ਚ 10 ਚਾਈਨੀਜ ਅਤੇ 4 ਭਾਰਤੀ ਸਨ।
ਪ੍ਰਾਪਤ ਅਨੁਸਾਰ ਅਜਿਹੀ ਸਖ਼ਤ ਜਿ਼ੰਦਗੀ ਜਿਉਣ ਵਾਲਿਆਂ `ਚ 34 ਸਾਲਾ ਅਮਨਦੀਪ (ਨਾਂ ਬਦਲਿਆ ਹੋਇਆ ਹੈ) ਵੀ ਹੈ, ਜੋ ਆਪਣੀ 6 ਸਾਲ ਦੀ ਬੱਚੀ ਨੂੰ ਆਪਣੇ ਸੁਪਨਿਆਂ ਦੇ ਦੇਸ਼ ਨਿਊਜ਼ੀਲੈਂਡ `ਚ ਰੱਖਣ ਲਈ ਹਰ ਹੀਲਾ ਵਰਤ ਰਿਹਾ ਹੈ। ਉਹ 2011 ਵਿੱਚ ਨਿਊਜ਼ੀਲੈਂਡ ਦੀ ਇੱਕ ਯੂਨੀਵਰਸਿਟੀ `ਚ ਪੜ੍ਹਾਈ ਕਰਨ ਆਇਆ ਸੀ ਪਰ ਹਾਲਾਤ ਅਜਿਹੇ ਬਣਦੇ ਗਏ ਕਿ ਅੱਜ ਗੁੰਮਨਾਮ ਜਿ਼ੰਦਗੀ ਜਿਉਣ ਲਈ ਮਜ਼ਬੂਰ ਹੈ। ਉਹ 20 ਹਜ਼ਾਰ ਡਾਲਰ ਫ਼ੀਸਾਂ ਅਤੇ ਇਮੀਗਰੇਸ਼ਨ ਸਲਾਹਕਾਰਾਂ ਦੇ ਰੂਪ `ਚ ਗਵਾ ਚੁੱਕਾ ਹੈ ਅਤੇ ਪੰਜ ਵਾਰ ਵੀਜ਼ਾ ਅਰਜ਼ੀ ਰੱਦ ਹੋ ਚੁੱਕੀ ਹੈ। ਪਰ ਛੇਵੀਂ ਵਾਰ ਦਿੱਤੀ ਵੀਜ਼ਾ ਐਪਲੀਕੇਸ਼ਨ `ਤੇ ਇਮੀਗਰੇਸ਼ਨ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ। ਕੁੱਝ ਵੀ ਹੋਵੇ, ਉਹ ਕਿਸੇ ਵੀ ਕੀਮਤ `ਤੇ ਆਪਣੀ ਧੀ ਨੂੰ ਛੱਡ ਕੇ ਡੀਪੋਰਟ ਨਹੀਂ ਹੋਣਾ ਚਾਹੁੰਦਾ ਕਿਉਂਕਿ ਨਿਊਜ਼ੀਲੈਂਡ ਹੀ ਹੁਣ ਉਸਦਾ ਘਰ ਹੈ।
29 ਕੁ ਸਾਲ ਦੇ ਰਣਜੀਤ ਦੀ ਕਹਾਣੀ ਵੀ ਇਹੋ ਜਿਹੀ ਹੈ। ਜੋ ਇਸ ਵੇਲੇ ਉਵਰ ਸਟੇਅਰ ਹੋਣ ਕਰਕੇ “ਦੋ ਨੰਬਰ’ `ਚ ਰਹਿਣ ਲਈ ਮਜ਼ਬੂਰ ਹੈ। ਉਹ ਸਟੂਡੈਂਟ ਵੀਜ਼ੇ `ਤੇ ਆਇਆ ਸੀ ਪਰ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਸਾਲ 2015 `ਚ ਉਸਦਾ ਕਾਲਜ ਸਰਕਾਰ ਨੇ ਬੰਦ ਕਰ ਦਿੱਤਾ ਸੀ। ਪਰ ਉਹ ਹੋਰ ਕਿਸੇ ਕਾਲਜ ਵਿੱਚ ਦਾਖ਼ਲਾ ਨਾ ਲੈ ਸਕਿਆ ਕਿਉਂਕਿ ਉਸਨੂੰ ਟੌਰੰਗਾ ਦੇ ਇੱਕ ਔਰਚਡ ਵਿੱਚ 10 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ 10-15 ਘੰਟੇ ਕੰਮ ਮਿਿਲਆ ਸੀ ਅਤੇ ਫੀਸ ਜੋਗੇ ਡਾਲਰ ਨਹੀਂ ਜੁੜੇ ਸਨ। ਦੂਜੀ ਗੱਲ ਇਹ ਵੀ ਸੀ ਕਿ ਇਮੀਗਰੇਸ਼ਨ ਦੇ ਛਾਪਿਆਂ ਦੇ ਡਰ ਕਾਰਨ ਉਸਨੂੰ ਔਰਚਿਡ ਛੱਡਣਾ ਵੀ ਪਿਆ ਸੀ।
31 ਕੁ ਸਾਲ ਵਿਜੇਂਦਰ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਜੋ ਡੇਅਰੀ ਫਾਰਮਿੰਗ `ਚ ਦਿਲਚਸਪੀ ਹੋਣ ਕਰਕੇ ਨਿਊਜ਼ੀਲੈਂਡ ਆਇਆ ਸੀ। ਪੋਸਟ ਗਰੈਜ਼ੂਏਸ਼ਨ ਤੋਂ ਬਾਅਦ ਉਸਦਾ ਵਰਕ ਵੀਜ਼ਾ ਇਸ ਕਰਕੇ ਡਿਕਲਾਈਨ ਹੋ ਗਿਆ ਸੀ ਕਿਉਂਕਿ ਉਸਦੀ ਜੌਬ ਉਸਦੀ ਮੁਕੰਮਲ ਕੀਤੀ ਪੜ੍ਹਾਈ ਨਾਲ ਮੇਲ ਨਹੀਂ ਸੀ ਖਾਂਦੀ। ਫਿਰ ਉਸਨੇ ਕੈਫ਼ੇਆਂ ਅਤੇ ਰੈਸਟੋਰੈਂਟਾਂ `ਤੇ ਜੌਬ ਵੀ ਕੀਤੀ ਪਰ ਗੱਲ ਨਹੀਂ ਬਣ ਸਕੀ। ਇਸੇ ਦਰਮਿਆਨ ਅਜਿਹੇ ਹਾਲਾਤ ਕਾਰਨ ਉਸਦੀ ਰਿਲੇਸ਼ਨਸਿ਼ਪ ਵੀ ਟੁੱਟ ਗਈ। ਉਸਨੇ ਸਾਲ 2015 `ਚ ਇਕ ਰੈਸਟੋਰੈਂਟ `ਤੇ ਹਰ ਹਫ਼ਤੇ 80-80 ਘੰਟੇ ਕੰਮ ਕੀਤਾ ਪਰ ਮਾਲਕ ਨੇ ਤਨਖ਼ਾਹ ਸਿਰਫ਼ 300 ਡਾਲਰ ਹੀ ਦਿੱਤੀ।
ਹਾਲਾਂਕਿ ਮਨਿਸਟਰੀ ਆਫ ਐਜੂਕੇਸ਼ਨ (Ministry of Education) ਦੇ ਸੀਨੀਅਰ ਪਾਲਿਸੀ ਮੈਨੇਜਰ ਫਰੈਡੀ ਅਰਨਿਸਟ ਅਨੁਸਾਰ ਅਜੇ ਤੱਕ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਉਵਰ ਸਟੇਅਰਜ ਦੇ 6-16 ਸਾਲ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਪੜ੍ਹਾਈ ਦੀ ਖੁੱਲ੍ਹ ਹੈ ਪਰ ਟਰਸ਼ਰੀ ਐਜੂਕੇਸ਼ਨ ਲੈਣ ਵੇਲੇ ਬਹੁਤ ਦਿੱਕਤ ਆਉਂਦੀ ਹੈ।
ਉਧਰ, ਇਮੀਗਰੇਸ਼ਨ ਮਨਿਸਟਰ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਉਹ ਉਵਰ ਸਟੇਅਰਜ ਬਾਰੇ ਮਨਿਸਟਰੀ ਦੀ ਪਾਲਿਸੀ ਬਾਰੇ ਵਿਚਾਰ ਕਰ ਰਹੇ ਹਨ, ਜਿਸ ਬਾਰੇ ਫ਼ੈਸਲਾ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੋਣ ਦੀ ਕੋਈ ਸੰਭਾਵਨਾ ਨਹੀਂ।