ਮੈਲਬਰਨ : ਪੰਜਾਬੀ ਕਲਾਊਡ ਟੀਮ
ਇੰਡੀਅਨ ਪੁਲੀਸ ਦਾ ਕਹਿਣਾ ਹੈ ਕਿ ਨਸਿ਼ਆਂ ਦਾ ਅੰਤਰਾਸ਼ਟਰੀ ਸਮੱਗਲਰ ਸਿਮਰਨ ਸਿੰਘ ਫਿ਼ਰੋਜ਼ਪੁਰ ਜਿ਼ਲ੍ਹੇ ਨਾਲ ਸਬੰਧਤ ਹੈ, ਜੋ ਇਸ ਵੇਲੇ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਤੋਂ ਆਪਣਾ ਨੈੱਟਵਰਕ ਚਲਾ ਰਿਹਾ ਹੈ। ਜਿਸਦਾ ਸੰਪਰਕ ਪਾਕਿਸਤਾਨ ਦੇ ਆਰਿਫ਼ ਡੋਗਰ ਨਾਲ ਹੈ, ਜਿਸ ਨਾਲ ਮਿਲ ਕੇ ਡਰੋਨ ਰਾਹੀਂ ਪੰਜਾਬ `ਚ ਹੈਰੋਇਨ ਦੀ ਸਮੱਗਲਿੰਗ ਕਰਵਾਉਂਦਾ ਹੈ।
ਚੰਡੀਗੜ੍ਹ ਦੀ ਕਰਾਈਮ ਬਰਾਂਚ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੁਲੀਸ ਨੇ ਜਿਹੜਾ 78 ਲੱਖ ਕੈਸ਼, 200 ਗਰਾਮ ਹੈਰੋਇਨ, ਹਥਿਆਰ ਅਤੇ ਹੋਰ ਨਸ਼ੀਲੇ ਪਦਾਰਥ ਫੜ੍ਹੇ ਹਨ, ਉਸਦਾ ਸੂਤਰਧਾਰ ਸਿਮਰਨ ਸਿੰਘ ਹੀ ਹੈ। ਜਿਸਦੇ 6 ਸਾਥੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਚੋਂ ਸ਼ੁੱਭਮ ਜੈਨ ਚੰਡੀਗੜ੍ਹ ਦੇ ਸੈਕਟਰ 45 ਦਾ ਰਹਿਣ ਵਾਲਾ ਹੈ, ਜਦੋਂ ਕਿ ਪਵਨਪ੍ਰੀਤ ਸਿੰਘ, ਪੁਨੀਤ ਕੁਮਾਰ,ਚੰਦਨ, ਰਵਿੰਦਰ ਪਾਲ ਸਿੰਘ ਫਿ਼ਰੋਜ਼ਪੁਰ ਨਾਲ ਸਬੰਧਤ ਹਨ ਜਦੋਂ ਕਿ ਜਗਜੀਤ ਸਿੰਘ ਉਰਫ਼ ਜੱਗਾ ਮੋਗੇ ਜਿ਼ਲ੍ਹੇ ਨਾਲ ਸਬੰਧਤ ਹੈ।
ਪੁਲੀਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਿਮਰਨ ਸਿੰਘ ਸਾਲ 2019 `ਚ ਆਸਟਰੇਲੀਆ ਭੱਜਣ ਤੋਂ ਪਹਿਲਾਂ ਪੰਚਕੂਲਾ ਅਤੇ ਮੁਹਾਲੀ `ਚ ਕਾਰ ਸਵਾਰਾਂ ਨੂੰ ਅਗਵਾ ਕਰਕੇ ਲੁੱਟਣ ਦੀਆਂ ਘਟਨਾਵਾਂ `ਚ ਸ਼ਾਮਲ ਸੀ। ਜਿਸਨੂੰ ਸਾਲ 2018 `ਚ ਪੁਲੀਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ।
ਡੀਐਸਪੀ (ਕਰਾਈਮ) ਉਦੇਪਾਲ ਸਿੰਘ ਅਨੁਸਾਰ ਗ੍ਰਿਫ਼ਤਾਰ ਕੀਤੇ 5 ਵਿਅਕਤੀ ਅਪਰਾਧਕ ਪਿਛੋਕੜ ਵਾਲੇ ਹਨ, ਜਦੋਂ ਕਿ ਰਵਿੰਦਰ ਪਾਲ ਸਿੰਘ ਨਵਾਂ-ਨਵਾਂ ਗੈਂਗ `ਚ ਸ਼ਾਮਲ ਹੋਇਆ ਹੈ।
ਐਸਪੀ (ਕਰਾਈਮ ਬਰਾਂਚ) ਕੇਤਨ ਬਾਂਸਲ ਅਨੁਸਾਰ ਸ਼ੁੱਭਮ ਜੈਨ ਉਰਫ਼ ਗੌਰਵ ਜੈਨ (ਸੈਕਟਰ 45) ਨੂੰ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੀ ਪੁੱਛਗਿੱਛ ਮਗਰੋਂ ਪੁਨੀਤ ਸਿੰਘ ਨੂੰ ਫਿ਼ਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਤੋਂ ਦੇਸੀ ਅਸਲਾ ਬਰਾਮਦ ਹੋਇਆ ਸੀ। ਪੁਨੀਤ ਤੋਂ ਬਾਅਦ ਤਿੰਨ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਕਿ ਚੰਦਨ, ਪੁਨੀਤ ਤੇ ਪਵਨ ਨੂੰ ਡਰੱਗ ਸਪਲਾਈ ਕਰਦਾ ਸੀ। ਚੰਦਨ, ਆਸਟਰੇਲੀਆ ਬੈਠੇ ਸਿਮਰਨ ਦੀਆਂ ਹਦਾਇਤਾਂ `ਤੇ ਕੰਮ ਕਰਦਾ ਸੀ।
Source: Indian Express