ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ Sahibzade Shaheedi Diwas ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

Sahibzade Shaheedi Diwas

ਮੈਲਬਰਨ : ਸਿੱਖ ਇਤਿਹਾਸ ਵਿੱਚ ਸ਼ਹਾਦਤ ਦੇ ਸੰਕਲਪ ਪੱਖੋਂ ਪੋਹ (ਦਸੰਬਰ- ਜਨਵਰੀ) ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਦੇ ਇੱਕ ਹਫਤੇ ਦੇ ਵਿੱਚ ਵਿੱਚ ਹੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਛੇ ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸੱਤ ਪੋਹ ਨੂੰ ਸਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਦਾ ਪਰਿਵਾਰ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਗੜੀ ਪਹੁੰਚੇ। ਦੂਜੇ ਪਾਸੇ ਸੱਤ ਪੋਹ ਦੀ ਰਾਤ ਨੂੰ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਸਾ ਨਦੀ ਕਿਨਾਰੇ ਕੁੰਮੇ ਮਸ਼ਕੀ ਦੀ ਝੋਪੜੀ ਵਿੱਚ ਠਹਿਰੇ। ਅੱਠ ਪੋਹ ਨੂੰ ਚਮਕੌਰ ਦੀ ਗੜੀ ਵਿੱਚ ਜੰਗ ਹੋਈ, ਜਿੱਥੇ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਮੁਗਲ ਫੌਜਾਂ ਨਾਲ ‘ਸਵਾ ਲਾਖ ਸੇ ਏਕ ਲੜਾਊ’ ਦੇ ਕਥਨ ਨੂੰ ਅਸਲੀ ਜਾਮਾ ਪਹਿਨਾਉਂਦਿਆਂ ਸ਼ਹਾਦਤ ਪ੍ਰਾਪਤ ਕਰ ਗਏ। ਅੱਠ ਪੋਹ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗੰਗੂ ਬ੍ਰਾਹਮਣ ਦੀ ਝੋਪੜੀ ਵਿੱਚ ਰਹੇ। ਗੰਗੂ ਬ੍ਰਾਹਮਣ ਦੀ ਨਮਕ ਹਰਾਮੀ ਕਰਨ ਕਰਕੇ ਮਾਤਾ ਗੁਜਰੀ ਅਤੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੌ ਪੋਹ ਦੀ ਰਾਤ ਮੋਰਿੰਡਾ ਜੇਲ ਵਿੱਚ ਗੁਜ਼ਾਰਨੀ ਪਈ। 10, 11 ਅਤੇ 12 ਪੋਹ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਸਰਹੰਦ (ਹੁਣ ਸ੍ਰੀ ਫਤਿਹਗੜ੍ਹ ਸਾਹਿਬ) ਵਿੱਚ ਰੱਖੇ ਗਏ। ਇਹਨਾਂ ਦਿਨਾਂ ਦੌਰਾਨ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਅਦਾਲਤ ਵਿੱਚ ਦੋਨਾਂ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਈ ਅਤੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਸਿਰਫ ਨੌ ਸਾਲ ਦੀ ਉਮਰ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸੱਤ ਸਾਲ ਦੀ ਉਮਰ ਦੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਜਦੋਂ ਆਪਣੇ ਸਿੱਖ ਧਰਮ ਵਿੱਚ ਪਰਪਕਤਾ ਦਿਖਾਈ ਅਤੇ ਇਸਲਾਮ ਧਰਮ ਕਬੂਲ ਕਰਨ ਤੋਂ ਸਾਫ ਇਨਕਾਰ ਕੀਤਾ ਤਾਂ ਉਹਨਾਂ ਉੱਪਰ ਅਸਹਿ ਤਰੀਕੇ ਦੇ ਤਸੀਹਿਆਂ ਨਾਲ ਤਸ਼ੱਦਦ ਕੀਤਾ ਗਿਆ। ਪਹਿਲਾਂ ਉਹਨਾਂ ਨੂੰ ਨੀਹਾਂ ਵਿੱਚ ਚਣਵਾਇਆ ਗਿਆ, ਪਰ ਜਦੋਂ ਉਹ ਫੇਰ ਵੀ ਇਸਲਾਮ ਨੂੰ ਕਬੂਲ ਕਰਨ ਲਈ ਨਹੀਂ ਮੰਨੇ ਤਾਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਦੁਨੀਆ ਵਿੱਚ ਇਹ ਪਹਿਲੀ ਮਿਸਾਲ ਹੈ ਕਿ ਜਦੋਂ ਇਨੀ ਛੋਟੀ ਉਮਰ ਉਮਰ ਵਿੱਚ ਆਪਣੇ ਧਰਮ ਦੀ ਖਾਤਰ ਉਹਨਾਂ ਗੁਰੂ ਦੇ ਲਾਲਾਂ ਨੇ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਸਾਹਿਬਜ਼ਾਦਿਆਂ ਦੀ ਇਹ ਕੁਰਬਾਨੀ ਦੁਨੀਆ ਦੇ ਇਤਿਹਾਸ ਵਿੱਚ ਲਾਸਾਨੀ ਅਤੇ ਅਦੁਤੀ ਸ਼ਹਾਦਤ ਵਜੋਂ ਜਾਣੀ ਜਾਂਦੀ ਹੈ। ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾਣ ਤੋਂ ਬਾਅਦ ਸਿੱਖ ਧਰਮ ਦੀਆਂ ਨੀਹਾਂ ਮਜਬੂਤ ਕਰ ਗਏ। ਇਸ ਕਰਕੇ ਸੰਗਤ ਇਸ ਸ਼ਹਾਦਤ ਨੂੰ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਕਰਕੇ ਸਿਰ ਨਿਵਾਉਂਦੀਆਂ ਆ ਰਹੀਆਂ ਹਨ।

ਹੁਣ ਗੱਲ ਕਰਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ “ਵੀਰ ਬਾਲ”, ਵਜੋਂ ਕਹੇ ਜਾਣ ਦੀ। ਅਸਲ ਵਿੱਚ ਕਿਸੇ ਕੌਮ ਨੂੰ ਖਤਮ ਕਰਨ ਲਈ ਟੈਂਕ, ਤੋਪਾਂ ਜਾਂ ਬਰੂਦ ਦੀ ਲੋੜ ਨਹੀਂ ਪੈਂਦੀ। ਉਸ ਕੌਮ ਦਾ ਇਤਿਹਾਸ ਖ਼ਰਾਬ ਕਰ ਦਿਓ, ਉਸ ਦੀ ਮਾਂ ਬੋਲੀ ਖ਼ਤਮ ਕਰ ਦਿਓ, ਉਹ ਕੌਮ ਆਪਣੇ ਆਪ ਸਮੇਂ ਨਾਲ ਖਤਮ ਹੋ ਜਾਵੇਗੀ। ਭਾਰਤ ਵਿੱਚ ਸਿੱਖ ਕੌਮ ਘੱਟ ਗਿਣਤੀ ਵਿੱਚ ਹੈ। ਇਹ ਭਾਰਤ ਦੀ ਕੁਲ ਆਬਾਦੀ ਦਾ ਸਿਰਫ 1.7% (2011) ਹਿੱਸਾ ਹੈ। ਇਹ ਭਾਵੇਂ ਕਹਿਣ ਨੂੰ ਪੰਜਾਬ ਵਿੱਚ ਬਹੁਤ ਗਿਣਤੀ ਵਿੱਚ ਹੈ, ਪਰ ਸਮਾਂ ਬੀਤਣ ਨਾਲ ਇਸ ਦੀ ਗਿਣਤੀ ਘੱਟਦੀ ਜਾ ਰਹੀ ਹੈ। ਦੁਨੀਆਂ ਵਿੱਚ ਖਾਸ ਤੌਰ ਤੇ ਭਾਰਤ ਵਿੱਚ ਬਹੁ ਗਿਣਤੀ ਧਾਰਮਿਕ ਸਮੂਹ ਨੂੰ ਇਹ ਪਤਾ ਹੈ ਕਿ ਸਿੱਖ ਕੌਮ ਯੋਧਿਆਂ ਅਤੇ ਸੂਰਵੀਰਾਂ ਦੀ ਕੌਮ ਹੈ, ਜਿਸ ਦਾ ਮੁੱਖ ਨਿਸ਼ਚਾ ਭਾਵੇਂ ਸਰਬੱਤ ਦਾ ਭਲਾ ਹੈ, ਪਰ ਇਹ ਕੌਮ ਨਾ ਆਪਣੇ ਤੇ ਜੁਲਮ ਜਾਂ ਅਨਿਆਏ ਸਹਿੰਦੀ ਹੈ, ਨਾ ਹੀ ਕਿਸੇ ਹੋਰ ਉੱਤੇ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਉਹਨਾਂ ਦਾ ਹਿੰਦੂ ਧਰਮ ਬਚਾਉਣ ਲਈ ਖ਼ੁਦ ਦਿੱਲੀ ਜਾ ਕੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ, ਜੋ ਇਕ ਵਿਲੱਖਣ ਇਤਿਹਾਸਿਕ ਮਿਸਾਲ ਹੈ। ਜਿਥੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਵਿੱਚ ਮੁਗ਼ਲ ਫੌਜਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਥੇ ਹੀ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੇ ਸਿੱਖ ਧਰਮ ਤੋਂ ਇਸਲਾਮ ਵਿੱਚ ਪਰਿਵਰਤਿਤ ਹੋ ਕੇ ਆਪਣੀ ਜ਼ਿੰਦਗੀ ਬਚਾਉਣ ਦੀ ਬਜਾਏ ਅਣਮਨੁੱਖੀ ਤਸੀਹੇ ਸਹਿੰਦੇ ਹੋਏ, ਸਿੱਖ ਧਰਮ ਲਈ ਆਪਣੀ ਸ਼ਹਾਦਤ ਦੇਣਾ ਕਬੂਲ ਕੀਤਾ। ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਅਜਿਹੀ ਉਦਾਹਰਨ ਹੈ, ਜਿੱਥੇ ਨੌ ਅਤੇ ਸੱਤ ਸਾਲ ਦੇ ਮਾਸੂਮ ਸਾਹਿਬਜ਼ਾਦਿਆਂ ਨੇ ਸਿੱਖ ਧਰਮ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਤਾ। ਇਹ ਠੀਕ ਹੈ ਕਿ ਭਾਵੇਂ ਸਿੱਖਾਂ ਨੂੰ 1947 ਤੋਂ ਭਾਰਤ ਦੀ ਆਜ਼ਾਦੀ ਮਿਲਣ ਤੋਂ ਬਾਅਦ ਉਹਨਾਂ ਨੂੰ ਆਪਣਾ ਬਣਦਾ ਹੱਕ ਨਹੀਂ ਮਿਲਿਆ, ਪਰ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਸ਼ੁਰੂ ਹੋਈ ਫਿਰਕੂਵਾਦ ਦੀ ਲਹਿਰ ਵਿੱਚ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਹੋਰ ਖਤਰਾ ਪੈਦਾ ਹੋ ਗਿਆ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬਹੁ ਗਿਣਤੀ ਧਾਰਮਿਕ ਸਮੂਹ ਸਿੱਖਾਂ ਨੂੰ ਆਪਣਾ ਹਿੱਸਾ ਦਰਸਾਉਣ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ। ਇਹ ਵੀ ਸੱਚ ਹੈ ਕਿ ਇਹ ਲੋਕ ਭਲੀ ਭਾਂਤ ਜਾਣਦੇ ਹਨ ਕਿ ਸਿੱਖਾਂ ਨੂੰ ਸਾਹਮਣੇ ਤੋਂ ਜ਼ਬਰਦਸਤੀ ਨਾਲ ਨਹੀਂ ਮਿਟਾਇਆ ਜਾ ਸਕਦਾ। ਇਸ ਕਰਕੇ ਉਹ ਸਿੱਖੀ ਦੇ ਬੂਟੇ ਨੂੰ ਕੱਟਣ ਦੀ ਬਜਾਏ ਜੜਾਂ ਵਿੱਚ ਤੇਲ ਪਾ ਕੇ ਚੁੱਪ ਚੁਪੀਤੇ ਇਸ ਨੂੰ ਸੁਕਾਉਣ ਤੇ ਲੱਗੇ ਹੋਏ ਹਨ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਵੇਖਿਆ ਹੈ ਕਿ ਇਹ ਸਮੂਹ ਕਿਸ ਤਰ੍ਹਾਂ ਜ਼ਮੀਰੋਂ ਮਰ ਚੁੱਕੇ ਸਿੱਖ ਵਿਕਾਊ ਲੀਡਰਾਂ ਨੂੰ ਲਾਲਚ ਦੇ ਕੇ ਜਾਂ ਮਹੱਤਵਪੂਰਨ ਪਦਵੀ ਦੇ ਕੇ ਜਾਂ ਡਰਾ ਧਮਕਾ ਕੇ ਆਪਣੇ ਖੇਮੇ ਵਿੱਚ ਕਰ ਰਹੇ ਹਨ। ਉਹਨਾਂ ਵੱਲੋਂ ਸਿੱਖਾਂ ਵਿੱਚ ਖਾਨਾ ਜੰਗੀ ਕਰਵਾ ਕੇ ਅਤੇ ਆਪਸ ਵਿੱਚ ਲੜਵਾ ਕੇ ਆਪਣੀਆਂ ਸਿਆਸੀ ਅਤੇ ਧਾਰਮਿਕ ਰੋਟੀਆਂ ਸੇਕਣ ਦਾ ਚੰਗਾ ਤਰੀਕਾ ਅਪਣਾਇਆ ਜਾ ਰਿਹਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਨੂੰ ਬਾਹਰੀ ਦੁਸ਼ਮਣਾਂ ਤੋਂ ਉਨਾ ਖਤਰਾ ਨਹੀਂ ਹੈ, ਜਿੰਨਾ ਆਪਣੇ ਅੰਦਰੋਂ ਬੇਜ਼ਮੀਰ ਗ਼ਦਾਰਾਂ ਤੋਂ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਇਹਨਾਂ ਜ਼ਮੀਰੋਂ ਮਰ ਚੁੱਕੇ ਲਾਲਚੀ ਧਾਰਮਿਕ ਅਤੇ ਰਾਜਸੀ ਨੇਤਾਵਾਂ ਜਾਂ ਸ਼ਖਸ਼ੀਅਤਾਂ ਨੂੰ ਪਹਿਚਾਨਣ ਦੀ।

ਭਾਵੇਂ ਕਿ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਜਨਵਰੀ 2022 ਵਿੱਚ ਕੀਤੀ ਗਈ, ਜਦੋਂ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਅਦੁੱਤੀ ਸ਼ਹਾਦਤ ਨੂੰ “ਵੀਰ ਬਾਲ ਦਿਵਸ” ਵਜੋਂ ਐਲਾਨਿਆ , ਪਰ ਮੇਰੇ ਵੱਲੋਂ ਸਿੱਖ ਸੰਗਤ ਨੂੰ ਇਸ “ਬਾਲ ਦਿਵਸ” ਬਾਰੇ ਘੜੀ ਜਾ ਰਹੀ ਸਾਜਿਸ਼ ਬਾਰੇ ਸੁਚੇਤ ਕਰਨ ਲਈ ਅਖਬਾਰਾਂ ਵਿੱਚ ਇੱਕ ਲੇਖ ਜਿਸ ਦਾ ਸਿਰਲੇਖ ਸੀ, “ਇੱਕ ਖੁੱਲਾ ਖੱਤ ਸਿੱਖ ਸੰਗਤ ਦੇ ਨਾਮ: ਬਾਲ ਦਿਵਸ ਵਜੋਂ ਮਨਾਉਣ ਦੀ ਮੰਗ ਪਿੱਛੇ ਸਾਜਸ਼ੀ ਮਨਸੇ” ਛਾਪਿਆ ਗਿਆ ਸੀ, ਜਿਸ ਦੇ ਕੁਝ ਅੰਸ਼ ਇਸ ਤਰਾਂ ਸਨ,”ਮੈਂ ਇਸ ਖਤ ਰਾਹੀਂ ਹਰ ਉਸ ਨਾਨਕ ਨਾਮ ਲੇਵਾ ਨੂੰ ਸੰਬੋਧਿਤ ਹਾਂ, ਜੋ ਨਿਰਸਵਾਰਥ ਭਾਵਨਾ ਨਾਲ ਖਾਲਸਾ ਇਤਿਹਾਸ, ਖਾਲਸਾਈ ਆਨ ਬਾਨ ਸ਼ਾਨ ਨੂੰ ਨਿੱਜਸਵਾਰਥ ਤੋਂ ਹੱਟ ਕੇ ਸਹੀ ਅਰਥਾਂ ਵਿੱਚ ਸਵੀਕਾਰਦਾ ਅਤੇ ਸਤਿਕਾਰਦਾ ਹੈ। ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸ਼ਹੀਦੀ ਹਫ਼ਤੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਇਸ ਹਫਤੇ ਨੂੰ ਦੁਨੀਆਂ ਭਰ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕੁਝ ਅਖੌਤੀ ਸਿੱਖਾਂ ਦੀ ਦਿੱਲੀ ਵਿੱਚ ਬੈਠੇ ਲੀਡਰ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ 28 ਦਸੰਬਰ ਨੂੰ ‘ਬਾਲ ਦਿਵਸ’ ਵਜੋਂ ਮਨਾਉਣ ਦੀ ਮੰਗ ਸਾਜਿਸ਼ ਤਹਿਤ ਕੀਤੀ ਜਾ ਰਹੀ ਹੈ। ਇਸ ਵਿੱਚ ਕੁਝ ਕੁ ਅਖੌਤੀ ਸਿੱਖਾਂ ਦੀ ਲੀਡਰਸ਼ਿਪ ਵੀ ਸ਼ਾਮਿਲ ਹੈ। ਮੈਂ ਇਸ ਖੁੱਲੇ ਖਤ ਰਾਹੀਂ ਇਸ ਸਾਜਿਸ਼ ਤੋਂ ਸੁਚੇਤ ਕਰਨ ਲਈ ਸਮੂਹ ਸੰਗਤ ਨੂੰ ਮੁਖਾਤਿਬ ਹਾਂ….ਸਾਹਿਬਜ਼ਾਦਿਆਂ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿੱਚ ਲਾਸਾਨੀ ਸ਼ਹਾਦਤ ਵਜੋਂ ਅਨੋਖੀ ਮਿਸਾਲ ਹੈ। ਨੌ ਸਾਲ ਅਤੇ ਸੱਤ ਸਾਲ ਦੇ ਗੁਰੂ ਦੇ ਲਾਲਾਂ ਨੇ ਆਪਣੇ ਧਰਮ ਖਾਤਰ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਮੈਂ ਇਹਨਾਂ ਸਤਰਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਪਿਛੋਕੜ ਦੀ ਕੁਰਬਾਨੀ ਨਹੀਂ ਦੱਸ ਰਿਹਾ ਸਗੋਂ ਸਾਹਿਬਜ਼ਾਦਿਆਂ ਦੇ ਨਾਮ ਤੇ ਰਚੀ ਜਾ ਰਹੀ ਡੂੰਘੀ ਸਾਜਿਸ਼ ਜਾਂ ਕੁਝ ਬਕਾਊ ਨੇਤਾਵਾਂ ਦੁਆਰਾ ਰਚੀ ਜਾ ਰਹੀ ਸਾਜਿਸ਼ ਤੋਂ ਆਗਾਹ ਕਰ ਰਿਹਾ ਹਾਂ। ਪਿਛਲੇ ਕੁਝ ਸਮੇਂ ਤੋਂ ਕੁਝ ਰਾਜਨੀਤਿਕ ਨੇਤਾ ਅਤੇ ਅਖੌਤੀ ਧਾਰਮਿਕ ਜਥੇਬੰਦੀਆਂ ਇਸ ਦਿਨ ਨੂੰ ਬਾਲ ਦਿਵਸ ਦਾ ਨਾਮ ਦੇਣਾ ਚਾਹੁੰਦੀਆਂ ਹਨ। ਇਹ ਰਾਜਨੀਤਿਕ ਅਤੇ ਅਖੌਤੀ ਧਾਰਮਿਕ ਲੋਕ ਸਿੱਖ ਧਰਮ ਦੀ ਵੱਡਮੁੱਲੀ ਸ਼ਾਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ…. ਦਿੱਲੀ ਦੀ ਸਿੱਖ ਲੀਡਰਸ਼ਿਪ, ਜਿਸ ਸਬੰਧੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਸਵੇਰ ਨੂੰ ਕੋਟ ਟਾਈ ਲਾ ਕੇ ਨਿਕਲਦੀ ਹੈ ਅਤੇ ਸੋਚਦੀ ਹੈ ਕਿ ਸਿੱਖੀ ਕਿਸ ਤਰਾਂ ਵੇਚੀ ਜਾ ਸਕਦੀ ਹੈ। ਉਹ ਲੀਡਰਸ਼ਿਪ ਇਸ ਭੂਮਿਕਾ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਪੱਬਾਂ ਭਾਰ ਹੈ। ਮੈਂ ਦਿੱਲੀ ਦੀ ਸਿੱਖ ਸੰਗਤ ਨੂੰ ਸੁਚੇਤ ਰੂਪ ਕਹਿ ਰਿਹਾ ਹਾਂ ਕਿ ਸਿੱਖ ਮਰਿਆਦਾ ਅਤੇ ਸਿੱਖੀ ਆਨ ਬਾਨ ਸ਼ਾਨ ਲਈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਯਾਦ ਕਰਨ ਅਤੇ ਮਨਾਉਣ ਦੀ ਪਰੰਪਰਾ ਜਾਰੀ ਰੱਖੀ ਜਾਵੇ।

ਮੇਰੀ ਇਹ ਮੰਗ ਅਤੇ ਬੇਨਤੀ ਹੈ ਕਿ ਆਉ, ਸੁਚੇਤ ਰੂਪ ਵਿੱਚ ਜਾਗਰੂਕ ਹੋ ਕੇ ਖੁੱਲੀਆਂ ਅੱਖਾਂ ਨਾਲ ਇਸ ਸਾਜਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਧਰਮ ਨੂੰ ਇਸ ਸੌੜੀ ਰਾਜਨੀਤੀ ਅਤੇ ਕੋਝੀ ਸੋਚ ਤੋਂ ਦੂਰ ਰੱਖਦੇ ਹੋਏ ਆਪਣੇ ਇਤਿਹਾਸ ਦੀ ਮਹਾਨਤਾ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਅਤੇ ਮਨਾਉਣ ਦੀ ਪਰੰਪਰਾ ਨੂੰ ਜਾਰੀ ਰੱਖੀਏ ਅਤੇ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਇਸ ਦਿਨ ਨੂੰ ਸਾਰੇ ਦੇਸ਼ ਵਿੱਚ ਸਾਹਿਬਜ਼ਾਦਾ ਸ਼ਹੀਦੀ ਦਿਵਸ ਵਜੋਂ ਮਨਾਉਣ ਦਾ ਐਲਾਨ ਕਰੇ।“ ਅਫਸੋਸ, ਕਿਸੇ ਵੀ ਸਿੱਖ ਸੰਸਥਾ, ਸਿੱਖ ਨੇਤਾ ਜਾ ਸਿੱਖ ਧਾਰਮਿਕ ਸਮਾਜ ਵੱਲੋਂ ਉਸ ਵਕਤ ਮੇਰੀ ਇਸ ਬੇਨਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਨਤੀਜੇ ਵਜੋਂ ਦੋ ਸਾਲ ਬਾਅਦ ਪੂਰੀ ਗਿਣੀ ਮਿਥੀ ਸਾਜਿਸ਼ ਅਧੀਨ ਸਿੱਖ ਧਰਮ ਦੀ ਆਨ ਬਾਨ ਤੇ ਸ਼ਾਨ, ਸਾਹਿਬਜ਼ਾਦਿਆਂ ਦੇ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਨੂੰ ‘ਵੀਰ ਬਾਲ ਦਿਵਸ’ ਦਾ ਚੋਲਾ ਪਹਿਨਾ ਦਿੱਤਾ ਗਿਆ।

ਇਹ ਠੀਕ ਹੈ ਕਿ 25-26 ਦਸੰਬਰ 2022 ਦੀਆਂ ਅਖਬਾਰਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ “ਵੀਰ ਬਾਲ ਦਿਵਸ” ਨੂੰ ਰੱਦ ਕਰਦਿਆਂ, ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲ਼ਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਵਿੱਚ ਸਹਿਯੋਗ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਗਾਉਣ ਦੀ ਕੋਜੀ ਸਾਜਿਸ਼ ਹੈ।”

ਇੱਥੇ ਇਹ ਜਾਨਣਾ ਵੀ ਜਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ‘ਵੀਰ ਬਾਲ ਦਿਵਸ’ ਦੀ ਥਾਂ ਤੇ ਸਾਹਿਬਜ਼ਾਦਾ ਸ਼ਹਾਦਤ ਦਿਵਸ ਨਾਮ ਸੁਝਾਇਆ ਗਿਆ ਸੀ ਅਤੇ ਇਸ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੱਭਿਆਚਾਰਕ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਭੇਜਿਆ ਗਿਆ ਸੀ। ਐਡਵੋਕੇਟ ਧਾਮੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਸੀ ਕਿ ਸਰਕਾਰ ਵੱਲੋਂ ਇਸ ਦੇ ਬਾਵਜੂਦ ਵੀ ਨਾਮ ਨਾ ਬਦਲਣਾ ਅਤੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਨਾ ਕੌਮ ਲਈ ਦੁਖਦਾਈ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਸਿੱਖ ਕੌਮ ਆਪਣੇ ਇਤਿਹਾਸ ਦੀ ਮੌਲਿਕਤਾ ਅਤੇ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗੀ ਅਤੇ ਆਪਣੇ ਇਤਿਹਾਸ ਦੀ ਭਾਵਨਾ ਅਨੁਸਾਰ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਹੋਏ, ਸਾਹਿਬਜ਼ਾਦਾ ਸ਼ਹਾਦਤ ਵਜੋਂ ਹੀ ਮਨਾਵੇਗੀ। ਭਾਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸਰਕਾਰ ਦੁਆਰਾ ‘ਵੀਰ ਬਾਲ ਦਿਵਸ’ ਮਨਾਉਣ ਪਿੱਛੇ ਸਿੱਖ ਇਤਿਹਾਸ ਨੂੰ ਕਮਜ਼ੋਰ ਕਰਨ ਦੀ ਸ਼ਰਾਰਤੀ ਸਾਜਿਸ਼ ਕਰਾਰ ਦਿੱਤਾ ਗਿਆ ਸੀ, ਪਰ ਦੋ ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਕੋਈ ਭਾਰਤ ਸਰਕਾਰ ਨੂੰ ਇਸ ਬਾਰੇ ਤਾੜਨਾ ਕੀਤੀ ਗਈ।

ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਹੈ। ਸਿੱਖ ਇਤਿਹਾਸ ਨੂੰ ਗੰਧਲਾ ਕਰਨ ਵਾਲੇ, ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਨੂੰ ਧੁੰਦਲਾ ਕਰਨ ਲਈ ਪੂਰਾ ਜੋਰ ਲਗਾ ਰਹੇ ਹਨ ਅਤੇ ‘ਵੀਰ ਬਾਲ ਦਿਵਸ’ ਨੂੰ ਉਭਾਰਨ ਵਿੱਚ ਲੱਗੇ ਹੋਏ ਹਨ। ਹੋਰ ਤਾਂ ਹੋਰ ਜ਼ਿਆਦਾਤਰ ਪੋਸਟਾਂ ਵਿਚ ਸਾਹਿਬਜ਼ਾਦਾ ਸ਼ਬਦ ਵਰਤਣ ਤੋਂ ਵੀ ਗੁਰੇਜ ਕੀਤਾ ਜਾ ਰਿਹਾ ਹੈ। ਕਈ ਪੋਸਟਾਂ ਵਿੱਚ ਸਾਹਿਬਜ਼ਾਦਾ ਸ਼ਬਦ ਲਿਖਣ ਦੀ ਬਜਾਏ ਉਹਨਾਂ ਨੂੰ ‘ਬ੍ਰੇਵ ਲਿਟਲ ਵਾਰਈਅਰ’ (Brave Little Warrior) ਜਾ ‘ਯੰਗ ਹੀਰੋ’ (Young Heroes) ਲਿਖਿਆ ਹੋਇਆ ਹੈ। ਸਾਧ ਸੰਗਤ ਜੀ ਇਸ ਸਾਰੇ ਵਰਤਾਰੇ ਨੂੰ ਰੋਕਣ ਲਈ ਸਾਨੂੰ ਵੀ ਹੰਭਲਾ ਮਾਰਨਾ ਚਾਹੀਦਾ ਹੈ। ਸਿੱਖਾਂ ਦੇ ਵਿੱਚ ਵੀ ਬਹੁਤ ਕਾਬਲ ਤੇ ਹੋਣਹਾਰ ਡਿਜ਼ਾਈਨਰ ਬੈਠੇ ਹਨ। ਉਹਨਾਂ ਨੂੰ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਦੇ ਬੈਨਰ ਥੱਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦਾ ਸੰਪੂਰਨ ਨਾਮ ਲਿਖ ਕੇ ਬੈਨਰ ਜਾਂ ਪੋਸਟ ਜਾਂ ਇਸ਼ਤਿਹਾਰ ਤਿਆਰ ਕਰਨੇ ਚਾਹੀਦੇ ਹਨ ਤਾਂ ਕਿ ਆਉਂਦੇ ਦਿਨਾਂ ਵਿੱਚ ਵੀਰ ਬਾਲ ਦਿਵਸ ਦੀ ਬਜਾਏ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਨੂੰ ਅਸੀਂ ਵੀ ਉਬਾਰ ਸਕੀਏ।

ਆਓ, ਅਸੀ ਸਾਰੇ ਰੱਲ਼ਕੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰੀਏ ਕਿ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿੱਖ ਮਰਿਆਦਾ ਅਨੁਸਾਰ ਯਾਦ ਕਰਨ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਇਸ ਗੰਭੀਰ ਮੁੱਦੇ ਨੂੰ ਉਠਾਉਣ ਤਾਂ ਕਿ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਵਜੋਂ ਹੀ ਮਨਾਇਆ ਜਾਵੇ। ਇਹੋ ਸਾਡੀ ਸਾਹਿਬਜ਼ਾਦਿਆਂ ਨੂੰ 13 ਪੋਹ (27 ਦਸੰਬਰ, 2024) ਨੂੰ ਸੱਚੀ ਸੁੱਚੀ ਅਤੇ ਭਾਵਨਾ ਭਰਪੂਰ ਸ਼ਰਧਾਂਜਲੀ ਹੋਵੇਗੀ।

Daljit Singh

ਪ੍ਰੋਫੈਸਰ (ਡਾ.) ਦਲਜੀਤ ਸਿੰਘ,
ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ,
ਪ੍ਰੋਫੈਸਰ ਆਫ ਲਾਅ ਅਤੇ
ਵਾਈਸ ਚਾਂਸਲਰ ਰਿਆਤ ਬਾਹਰਾ ਯੂਨੀਵਰਸਿਟੀ।