ਸਾਂਝੇ ਪਰਿਵਾਰਾਂ ਦੀ ਮੋਹ ਭਿੱਜੀ ਬਾਤ ਪਾਉਂਦੀ ਫ਼ਿਲਮ ‘ਵੱਡਾ ਘਰ’ – Vadda Ghar

Vadda Ghar – A Punjabi Movie (Releasing Dec. 13,  2024)

ਮੈਲਬਰਨ : ਕਾਮੇਡੀ ਅਤੇ ਮਨੋਰੰਜਨ ਦੀਆਂ ਫਿਲਮਾਂ ਤੋਂ ਬਾਅਦ ਪੰਜਾਬੀ ਸਿਨਮੇ ਨੇ ਹੁਣ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀਆਂ ਕਹਾਣੀਆਂ ਨੂੰ ਪਰਦੇ ਤੇ ਵਿਖਾਉਣ ਦਾ ਜ਼ਿਕਰਾ ਕੀਤਾ ਹੈ। ਪਰਵਾਸੀ ਪਰਿਵਾਰਾਂ ਦੀ ਜ਼ਿੰਦਗੀ ਦੇ ਅਨੇਕਾਂ ਪਹਿਲੂ ਹਨ। ਜਿਸ ਅਧਾਰਤ ਫ਼ਿਲਮਾਂ ਤਾਂ ਪਹਿਲਾਂ ਵੀ ਬਣੀਆਂ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਰਹੀ ਹੈ। ਪੜ੍ਹਾਈ ਅਤੇ ਵਿਆਹਾਂ ਦੇ ਚੱਕਰਾਂ ਚ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਅਜਿਹੀ ਹੀ ਇਕ ਨਵੀਂ ਪੰਜਾਬੀ ਫ਼ਿਲਮ ਵੱਡਾ ਘਰ ਵਿਦੇਸ਼ ਵਸਦੇ ਪੰਜਾਬੀਆਂ ਦੀ ਜ਼ਿੰਦਗੀ ਦਾ ਸੱਚ ਪਰਦੇ ਤੇ ਵਿਖਾਵੇਗੀ। ਜਸਵੀਰ ਗੁਣਾਚੌਰੀਆ ਇੱਕ ਪ੍ਰਸਿੱਧ ਗੀਤਕਾਰ ਹੈ ਜਿਸ ਨੇ ਆਪਣੀ ਕਲਮ ਸਦਕਾ ਪੰਜਾਬੀ ਸੰਗੀਤ ਖੇਤਰ ਚ ਚੰਗੀ ਪਛਾਣ ਬਣਾਈ। ਉਸਨੇ ਪਰਵਾਸੀ ਜੀਵਨ ਨੂੰ ਬਹੁਤ ਨੇੜੇ ਹੋ ਕੇ ਸਮਝਿਆ ਹੈ। ਹੁਣ ਗੀਤਕਾਰ ਤੋਂ ਫ਼ਿਲਮ ਲੇਖਕ ਬਣਕੇ ਜਸਬੀਰ ਗੁਣਾਚੌਰੀਆ ਨੇ ਆਪਣੀਆ ਭਾਵਨਾਵਾਂ ਨੂੰ ਸਾਂਝਾ ਕਰਨ ਲਈ ਪੰਜਾਬੀ ਪਰਦੇ ਵੱਲ ਕਦਮ ਵਧਾਇਆ ਹੈ।

ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੀ ਪੇਸ਼ਕਸ਼ 13 ਦਸੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਵੱਡਾ ਘਰ’ ਇਸਦੇ ਸਿਰਲੇਖ ਵਾਂਗ ਹੀ ਵੱਡੇ ਘਰ-ਪਰਿਵਾਰ ਦੇ ਗੂੜੇ ਰਿਸ਼ਤਿਆਂ ਦੀ ਅਹਿਮੀਅਤ ਇਸ ਵਿਚਲੀ ਅਣ-ਬਣ, ਫ਼ਿਕਰ, ਸੰਘਰਸ਼ ਅਤੇ ਵਿਚਾਰ-ਧਾਰਾਵਾਂ ਦੇ ਫ਼ਰਕ ਅਤੇ ਪੰਜਾਬ ਦੇ ਮੁੱਖ ਮੁੱਦੇ ਵਿਖਾ ਕੇ ਪੇਸ਼ ਕਰੇਗੀ। ਘਰ ਉਸ ਵਿੱਚ ਵਸਦੇ ਲੋਕਾਂ ਨਾਲ ਹੀ ਬਣਦਾ ਹੈ, ਨਹੀਂ ਤਾਂ ਖ਼ਾਲੀ ਘਰ ਦੀਆਂ ਕੰਧਾਂ ਵੀ ਇੱਕ ਪਲ ਤੋਂ ਬਾਅਦ ਗੱਲਾਂ ਕਰਨੀਆਂ ਬੰਦ ਕਰ ਦਿੰਦੀਆਂ ਨੇ। ਇਸ ਫਿਲਮ ਦੇ ਨਿਰਮਾਤਾ ਰੌਬ ਕੰਵਲ ਨੇ ਕਿਹਾ ਕਿ ‘ਵੱਡਾ ਘਰ’ ਮੁੱਖ ਤੌਰ ‘ਤੇ ਆਪਣੇ ਜੱਦੀ ਘਰ ਦੀ ਅਹਿਮੀਅਤ ਨੌਜਵਾਨੀ ਪੀੜ੍ਹੀ ਦੀ ਦੋ ਅੰਤਰ-ਮੁਖੀ ਵਿਚਾਰ-ਧਾਰਾਵਾਂ ਅਤੇ ਚਰਿੱਤਰ ਦੇ ਫ਼ਰਕ ਨਾਲ ਆਪਣੇ ਮੁਲਕ ਦੇ ਮੁੱਦੇ ‘ਸੁਲਝਾਉਣਾ’ ਅਤੇ ਇਸ ਤੋਂ ‘ਦੂਰ ਭੱਜਣਾ’ ਨੂੰ ਪੇਸ਼ ਕਰਕੇ ਵੀ ਵਿਖਾਵੇਗੀ। ਇਹ ਫਿਲਮ ਜਿੱਥੇ ਦਰਸ਼ਕਾਂ ਨੂੰ ਇੱਕ ਚੰਗਾ ਸਮਾਜਿਕ ਮੈਸੇਜ ਦਿੰਦੀ ਹੈ ਉੱਥੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਜੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਦਿੰਦੀ, ਪਰਿਵਾਰਾਂ ਸਮੇਤ ਦੇਖਣ ਵਾਲੀ ਫਿਲਮ ਹੈ।

ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੀ ਪੇਸ਼ਕਸ਼ ਇਸ ਫਿਲਮ ਵੱਡਾ ਘਰ ਨੂੰ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਜਿੰਦਰ ਸਿੰਘ ਕੰਵਲ (ਰੌਬ ਕੰਵਲ) ਅਤੇ ਜਸਵੀਰ ਗੁਣਾਚੌਰੀਆ ਨੇ ਬਣਾਇਆ ਹੈ। ਕਮਲਜੀਤ ਸਿੰਘ ਅਤੇ ਗੋਲਡੀ ਢਿਲੋਂ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ,ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ।

ਫ਼ਿਲਮ ‘Vadda Ghar‘ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਗੀਤ ਜਸਬੀਰ ਗੁਣਾਚੌਰੀਆ ਨੇ ਲਿਖਿਆ ਹੈ। ਹਨ। ਫ਼ਿਲਮ ਦੇ ਗੀਤ ਵੀ ਜਸਬੀਰ ਗੁਣਾਚੌਰੀਆ ਨੇ ਹੀ ਲਿਖੇ ਹਨ, ਜਿੰਨ੍ਹਾਂ ਨੂੰ ਨਛੱਤਰ ਗਿੱਲ, ਸੋਨੂੰ ਕੱਕੜ, ਮਾਸਟਰ ਸਲੀਮ, ਕੰਵਰ ਗਰੇਵਾਲ, ਗੁਰਸ਼ਬਦ, ਸੁਨਿਧੀ ਚੋਹਾਨ, ਜੀ ਖਾਨ ਅਤੇ ਅਫ਼ਸਾਨਾ ਖਾਨ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਨਿਰਮਾਤਾ ਤੇ ਡਿਸਟਰੀਬਿਊਟਰ ਲਵਪ੍ਰੀਤ ਸੰਧੂ ਲੱਕੀ ਦੀ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵਲੋਂ ਸੰਸਾਰ ਭਰ ਵਿਚ 13 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਰਾਹੀਂ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਲੰਮੇ ਸਮੇਂ ਬਾਅਦ ਮੁੜ ਪਰਦੇ ਤੇ ਨਜ਼ਰ ਆਵੇਗੀ। ਉਸ ਦਾ ਕਿਰਦਾਰ ਸਰਦਾਰ ਸੋਹੀ ਵਰਗੇ ਦਿੱਗਜ ਕਲਾਕਾਰ ਨਾਲ ਹੈ ਇਸ ਤੋਂ ਇਲਾਵਾ ਪਦਮਸ਼੍ਰੀ ਅਵਾਰਡ ਜੇਤੂ ਨਿਰਮਲ ਰਿਸ਼ੀ ਨੇ ਵੀ ਇਸ ਫਿਲਮ ਚ ਅਹਿਮ ਭੂਮਿਕਾ ਨਿਭਾਈ ਹੈ। ਆਮ ਪੰਜਾਬੀ ਸਿਨਮੇ ਤੋਂ ਹਟ ਕੇ ਬਣੀ ਇਹ ਫਿਲਮ ‘ਵੱਡਾ ਘਰ’ Vadda Ghar, ਪੰਜਾਬੀ ਸਿਨਮੇ ਦੀ ਮੀਲ ਪੱਥਰ ਸਾਬਿਤ ਹੋਵੇਗੀ।

ਸੁਰਜੀਤ ਜੱਸਲ 9814607737