ਮੈਲਬਰਨ : ਦਿਲਜੀਤ ਨੇ ਦਿਲ ਜਿਤਿਆ
“ਪੰਜਾਬੀ ਆ ਗਏ ਓਏ” ਅਤੇ “ਸਤਿ ਸ੍ਰੀ ਆਕਾਲ” ਦੀ ਗੂੰਜ ਜਦ ਜਿੰਮੀ ਫੈਲਨ ਦੇ ਸ਼ੋਅ ਵਿੱਚ ਪਈ ਤਾਂ ਦਿਲਜੀਤ ਨੇ ਮੁਹੰਮਦ ਇਕਬਾਲ ਦਾ ਸ਼ੇਅਰ ਯਾਦ ਕਰਵਾ ਦਿੱਤਾ,
“ਖ਼ੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਹਿਰੀਰ ਸੇ ਪਹਿਲੇ,
ਖ਼ੁਦਾ ਬੰਦੇ ਸੇ ਖੁਦ ਪੂਛੇ,ਬਤਾ ਤੇਰੀ ਰਜ਼ਾ ਕਿਆ ਹੈ?
ਆਪਣੀ ਸ਼ਖ਼ਸੀਅਤ ਨੂੰ ਲਗਭਗ ਬੀਹ ਬਾਈ ਸਾਲ ਦੀ ਤਪੱਸਿਆ ਤੋਂ ਬਾਅਦ ਆਲਮੀ ਪੱਧਰ ਤੇ ਉਭਾਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੀ ਤਕਦੀਰ ਆਪ ਲਿਖਣ ਦਾ ਤਰੀਕਾ ਇਹ ਦੱਸਿਆ ਕਿ ਆਪਾ ਅਤੇ ਆਪਣੀ ਜਗ੍ਹਾ ਨਾ ਭੁੱਲੋ। ਅਸੀਂ ਤਾਂ ਹਾਂ, ਜੇ ਸਾਡੇ ਅੰਦਰ ਪੰਜਾਬ ਹੈ। ਇਹਨਾਂ ਗੱਲਾਂ ਨੂੰ ਅੱਜ ਪੁਖਤਾ ਸਬੂਤ ਵਜੋਂ ਦਿਲਜੀਤ ਨੇ ਸਥਾਪਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬੀਅਤ ਲਈ ਅੰਦਰੋਂ ਨਵੀਂ ਪੀੜ੍ਹੀ ਵਿੱਚ ਨਵੀਂ ਨਕੋਰ ਰੂਹ ਪੈਦਾ ਕਰ ਦਿੱਤੀ।
6 ਜਨਵਰੀ 1984 ਨੂੰ ਦੁਸਾਂਝ ਕਲਾਂ ਜਲੰਧਰ ਵਿਖੇ ਪੈਦਾ ਹੋ ਕੇ ਮਾਂ ਸੁਖਵਿੰਦਰ ਕੌਰ ਦੀ ਕੁੱਖ ਨੂੰ ਸੁਲੱਖਣੀ ਕਰ ਦਿੱਤਾ।ਜਨਮ ਤੋਂ ਥੌੜਾ ਬਾਅਦ ਲੁਧਿਆਣਾ ਆ ਕੇ ਆਪਣੀ ਅੰਦਰੂਨੀ ਕਲਾ ਨੂੰ ਉਜਾਗਰ ਕਰ ਕੇ ਸੰਗੀਤ ਦੀ ਦੁਨੀਆਂ ਵਿੱਚ ਪੈਰ ਧਰ ਲਿਆ। ਬਸ ਫਿਰ ਚੱਲ ਸੋ ਚੱਲ। ਉਸਦੀ ਲਗਨ ਮਿਹਨਤ ਅੱਗੇ ਪੈਸਾ ਆਪਣੇ ਆਪ ਸਲਾਮ ਕਰਨ ਲੱਗਿਆ। 2024 ਵਿੱਚ ਊੜਾ ਐੜਾ ਐਲਬਮ ਨਾਲ “ਨੱਚਦੀਆਂ ਅੱਲੜ ਕੁਆਰੀਆਂ””ਪੱਗਾਂ ਬੋਚਵੀਆਂ ਵਾਲੇ” ਨਾਲ ਜੀਵਨ ਦੀ ਸ਼ੁਰੂਆਤ ਕੀਤੀ ਪਾਰੀ ਨਾਲ ਹਰਫ਼ਨਮੌਲਾ ਗਾਇਕ ਬਣ ਗਿਆ। ਅਨੇਕਾਂ ਫਿਲਮਾਂ, ਗਾਣੇ ਅਤੇ ਹੋਰ ਰੰਗ ਮੰਚ ਰਾਹੀਂ ਹੁੰਦਾ ਹੋਇਆ ਚਮਕੀਲਾ ਅਤੇ ਜੱਟ ਐਂਡ ਜੂਲੀਅਟ 3 ਤੱਕ ਪੁੱਜ ਗਿਆ। ਜੱਟ ਐਂਡ ਜੂਲੀਅਟ ਤਿੰਨ ਵਿੱ ਨੀਰੂ ਬਾਜਵਾ ਨੇ ਪੰਜਾਬੀਆਂ ਨੂੰ ਸੱਭਿਆਚਾਰਕ, ਦਿਲਜੀਤ ਨੇ ਰੂਹ ਅਤੇ ਜੂਹ ਦਾ ਸੰਦੇਸ਼ ਦੇ ਕੇ ਪੰਜਾਬੀਆਂ ਅਤੀਤ ਤੋਂ ਸਿਖਿਆ ਲੈਣ ਦਾ ਸੁਨੇਹਾ ਦਿੱਤਾ,” ਕਿਹੜਾ ਮਹਿਕਮਾਂ ਸੀ ਜਿੱਥੇ ਪੰਜਾਬੀ ਅਫਸਰ ਨਹੀਂ ਸਨ ਹੁਣ ਬਾਰਾਂ ਪੜ੍ਹ ਕੇ ਬਾਹਰ ਨਿਕਲ ਜਾਂਦੇ ਹਨ ਹੁਣ ਦਿਹਾੜੀਆਂ ਕਰਨ…। ਰੋਜ਼ੀ ਰੋਟੀ ਲਈ ਦੁਨੀਆ ਚ ਫੈਲ ਗਏ ਸਾਡੇ ਘਰ……। ਸਾਰੀ ਉਮਰ ਪੰਜਾਬੀ ਮਾਂ ਬੋਲੀ ਲਈ ਲਾਉਣ ਵਾਲਿਆਂ ਤੋਂ ਪੰਜਾਬੀ ਹੋਣ ਦਾ ਸਬੂਤ ਮੰਗੀ ਜਾਂਦੇ ਹਨ। ਬੱਚਿਆਂ ਹੱਥ ਮੋਬਾਈਲ ਕਿ ਹੋਰ ਕੁੱਝ ਨਾ ਕਰਨ ਅਤੇ ਨਫ਼ਰਤ ਫੈਲਾਉਂਦਾ ਹੈ……..। ਹੁਣ ਤਾਂ ਮਹਾਰਾਜਾ ਰਣਜੀਤ ਸਿੰਘ ਵਾਂਗ ਕੈਦੇ ਵੰਡ ਕੇ ਸੋਝੀ ਮਿਲ ਸਕਦੀ ਹੈ, ਨਹੀਂ ਤਾਂ ਨਹੀਂ ਬਚਦੇ….।” ਥੌੜੀ ਕਸ਼ਮਕਸ਼ ਹੋਵੇ ਤਾਂ ਨਿਭ ਜਾਣ ਦਾ ਗੁਣ ਵੀ ਰੱਖਦਾ ਹੈ। 2011ਤੋਂ ਪੰਜਾਬੀ ਫ਼ਿਲਮਾਂ ਨੂੰ ਫ਼ਿਲਮਾ ਕੇ ਨਵੀਂ ਪੀੜ੍ਹੀ ਨੂੰ ਨਵੇਂ ਸੁਪਨੇ ਅਤੇ ਸੁਨੇਹੇ ਦੇਣ ਵਾਲਾ ਪੰਜਾਬ ਨੂੰ ਮਹਿਕਾਉਣ ਲੱਗਿਆ ਹੋਇਆ ਹੈ। ਪੰਜਾਬ ਲਈ ਕੋਈ ਸਮਝੌਤਾ ਕਬੂਲ ਨਹੀਂ ਕੀਤਾ ਆਪਣੀ ਸਰਦਾਰੀ ਕਾਇਮ ਰੱਖੀ। ਪੰਜਾਬ ਦੀ ਸ਼ਾਨ ਪੱਗ ਨੂੰ ਦੁਨੀਆਂ ਵਿੱਚ ਅਤੇ ਫ਼ਿਲਮ ਖੇਤਰ ਵਿੱਚ ਵੱਖਰੀ ਪਛਾਣ ਦਿੱਤੀ। ਚਮਕੀਲਾ ਫ਼ਿਲਮ ਵਿੱਚ ਪੱਗ ਤੋਂ ਬਿਨਾਂ ਹੋਈ ਖਟਾਸ,ਮਿਠਾਸ ਵਿੱਚ ਤਾਂ ਬਦਲੀ ਕਿਉਂਕਿ ਪਾਤਰ ਬਣਨ ਲਈ ਪਾਤਰਤਾ ਦਾ ਹੁਲੀਆ ਜ਼ਰੂਰੀ ਸੀ। ਪੱਗ ਨਾਲ ਫਿਲਮ ਹੋਰ ਵੀ ਖੂਬਸੂਰਤ ਬਣਨੀ ਸੀ। ਚਲੋ ਖੈਰ….। ਦਿਲਜੀਤ ਦੇ ਪੰਜਾਬੀ ਪਹਿਰਾਵੇ ਚਾਦਰਾ, ਝੱਗਾ ਅਤੇ ਪੱਗ ਵਿੱਚੋਂ ਪੰਜਾਬ ਦਿੱਖਦਾ ਹੈ।
ਨਵੀਂਆਂ ਪਈਆਂ ਧੁੰਮਾਂ ਨਾਲ ਦਿਲਜੀਤ ਨੇ ਨਵੀਂਆਂ ਸੁਗੰਧਾਂ, ਨਵੀਆਂ ਪੈੜਾਂ ਸਿਰਜੀਆਂ ਹਨ। ਤਾਜ਼ਾ ਸਿਖ਼ਰ ਦੀ ਉਦਾਹਰਨ ਅੰਡਾਨੀ ਅੰਬਾਨੀ ਵਿਆਹ ਵਿੱਚ ਪੰਜਾਬ ਨੂੰ ਪੇਸ਼ ਕਰਕੇ ਇੱਕ ਮਿਸਾਲ ਆਪਣੇ ਨਾਮ ਕਰ ਗਿਆ ਸੀ। 2023 ਵਿੱਚ ਅਮਰੀਕਾ ਦੇ ਸਭ ਤੋਂ ਪ੍ਰਸਿੱਧ ਸੰਗੀਤ ਸਮਾਗਮ ਕੋਚੇਲਾ ਚ ਤਾਰੇ ਵਾਂਗ ਚਮਕਦਾ ਦਿੱਖਿਆ। ਹੁਣ ਜਿੰਮੀ ਫੈਲਨ ਤੇ ਦਿਲਜੀਤ ਨੇ ਇੱਕ ਦੂਜੇ ਨੂੰ ਜਿੱਤਿਆ, ਜਦੋਂ ਜਿੰਮੀ ਫੈਲਨ ਨੇ ਕਿਹਾ “ਦਿਲਜੀਤ ਇਸ ਗ੍ਰਹਿ ਉੱਤੇ ਸਭ ਤੋਂ ਵੱਡਾ ਪੰਜਾਬੀ ਕਲਾਕਾਰ ਹੈ” ਇੱਕ ਦੋ ਵਾਰ ਬਾਬਾ ਬੋਹੜ ਗੁਰਦਾਸ ਮਾਨ ਜੀ ਨਾਲ ਅਜਿਹਾ ਨਕਸ਼ਾ ਪੇਸ਼ ਕੀਤਾ ਕਿ ਖ਼ਾਬਾਂ ਵਿੱਚੋਂ ਅਸਲੀ ਤਸਵੀਰ ਉੱਭਰਦੀ ਨਜ਼ਰ ਆਈ। ਦਿਲਜੀਤ ਨੇ ਸਿੱਧ ਕਰ ਦਿੱਤਾ ਕਿ ਸੰਗੀਤ ਵਿਸ਼ਵਵਿਆਪੀ ਭਾਸ਼ਾ ਹੈ। ਦਿਲਜੀਤ ਦੀ ਪੇਸ਼ਕਾਰੀ ਨੇ ਸੰਗੀਤਮਈ ਮਾਹੌਲ ਜ਼ਰੂਰ ਸਿਰਜਿਆ। ਪੰਜਾਬ ਦੇ ਹੌਂਸਲੇ ਬੁਲੰਦ ਕੀਤੇ ਹਨ।ਇੱਕ ਗੱਲ ਹੋਰ ਹੈ ਦਿਲਜੀਤ ਦੋਸਾਂਝ ਨੇ ਸਦਭਾਵਨਾ ਅਤੇ ਭਾਈਚਾਰਕ ਚਾਹਤ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ। ਪਰਉਪਕਾਰੀ ਸੁਭਾਅ ਅਤੇ ਸਾਦਗੀ ਵੀ ਦਿਲਜੀਤ ਦੀ ਦਿਲਚਸਪੀ ਹੁੰਦੀ ਹੈ।
ਦਿਲਜੀਤ ਦੋਸਾਂਝ ਦਾ ਸੰਗੀਤ ਹੈਵਾਨ ਨੂੰ ਇਨਸਾਨ ਬਣਾਉਣ , ਆਤਮਾ ਦੀ ਮੈਲ ਧੋਣ, ਸਮਾਜਿਕ ਏਕਤਾ ਅਤੇ ਸਾਂਝੀਵਾਲਤਾ ਦਾ ਸਬਕ ਸਿਖਾਉਂਦਾ ਹੈ। ਕਿਸਾਨਾਂ ਨੂੰ ਅੰਦੋਲਨ ਸਮੇਂ ਇੰਨਾ ਭਾਵਨਾਤਮਕ ਸੁਨੇਹਾ ਦੇ ਕੇ ਪੰਜਾਬ ਦੀਆਂ ਮਾਵਾਂ ਵਿਰੁੱਧ ਬੋਲਣ ਵਾਲਿਆਂ ਦੀ ਬੋਲਤੀ ਬੰਦ ਕਰਵਾਈ।”ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਹਨ, ਖੱਖਰਾਂ ਨੂੰ ਛੇੜਨ ਨਾਲੋਂ ਗੂਗਲ ਕਰ ਲਿਆ ਕਰੋ” ਦਿਲਜੀਤ ਦੀ ਇਸ ਸੋਚ ਅਤੇ ਸੁਨੇਹੇ ਦੇ ਪ੍ਰਭਾਵ ਅੱਜ ਵੀ ਦਿਖਦੇ ਹਨ। ੳਸ ਸਮੇਂ ਉਸ ਨੇ ਇਨਸਾਫ਼ ਨੂੰ ਸਰਕਾਰ ਦਾ ਮੰਤਵ ਬਣਾਉਣ ਲਈ ਲਹਿਰ ਨੂੰ ਉਭਾਰਨ ਵਿੱਚ ਪੰਜਾਬ ਦਾ ਪੁੱਤਰ ਹੋਣ ਦਾ ਸਬੂਤ ਦਿੱਤਾ ਸੀ। ਦਿਲਜੀਤ ਪੰਜਾਬ ਲਈ “ਉੱਠੇ ਪੁੱਤਰ ਗਿਆ ਦਲਿੱਦਰ” ਨੂੰ ਨਵੇਂ ਰੂਪ ਵਿੱਚ ਰੂਪਮਾਨ ਕਰ ਰਿਹਾ ਹੈ। ਹੁਣ ਤਾਜ਼ਾ ਇੰਟਰਵਿਊ ਵਿੱਚ ਦਿਲਜੀਤ ਨੇ ਸੰਭਾਨਾਵਾਂ ਦਾ ਅੰਤ ਕਰਕੇ ਕਹਿ ਦਿੱਤਾ “ਪੰਜਾਬੀ ਭਾਸ਼ਾ ਕਰਕੇ ਮੈਂ ਇੱਥੇ ਪੁੱਜਾ ਹਾਂ, ਮੇਰੇ ਲਈ ਪੰਜਾਬ ਦੀ ਮਿੱਟੀ ਸਭ ਕੁਝ ਹੈ” ਇੱਕ ਵਾਰ ਫਿਰ ਪੰਜਾਬ ਪੰਜਾਬੀ ਪੰਜਾਬੀਅਤ ਲਈ ਜਨੂੰਨ ਅਤੇ ਪਿਆਰ ਨੂੰ ਤਰੋਤਾਜ਼ਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਦਾ ਸ਼ਿੰਗਾਰ ਵੀ ਦਿਲਜੀਤ ਬਣਿਆ ਹੋਇਆ ਹੈ।
ਅੱਜ ਦਿਲਜੀਤ ਨੇ ਦਿਲ ਜਿੱਤ ਕੇ ਦੁਨੀਆਂ ਵਿੱਚ ਪੰਜਾਬੀਆਂ ਦਾ ਝੰਡਾ ਗੱਡ ਦਿੱਤਾ ਹੈ। ਦਿਲਜੀਤ ਦੀ ਕਲਾ ਹੀ ਉਸ ਨੂੰ ਜੀਵਨ ਦੀ ਸੁਚੱਜੀ ਸ਼ਕਤੀ ਦਿੰਦੀ ਹੈ।ਇਸ ਮਾਣਮੱਤੀ ਸ਼ਖ਼ਸੀਅਤ ਨੇ ਦੱਸ ਦਿੱਤਾ ਹੈ ਕਿ “ਸੱਚੀ ਕਲਾ ਗੁਲਾਮੀ ਲਾਹ ਕੇ ਕਰਕੇ ਸੱਚੀ ਮਹਾਨਤਾ ਦਿੰਦੀ ਹੈ” ਅੱਜ ਪੰਜਾਬ ਦਾ ਜਾਇਆ ਦਿਲਜੀਤ ਸਾਰੀਆਂ ਭਾਸ਼ਾਈ, ਖਿੱਤਿਆਂ ਅਤੇ ਕੱਟੜਤਾ ਦੀਆਂ ਰੁਕਾਵਟਾਂ ਨੂੰ ਕਲਾਂ, ਕਲਮ, ਅਵਾਜ਼ ਅਤੇ ਸ਼ਖ਼ਸੀਅਤ ਨਾਲ ਪਾਰ ਕਰਕੇ ਆਲਮੀ ਪੱਧਰ ਤੇ “ਪੰਜਾਬੀਆਂ ਦੀ ਸ਼ਾਨ ਵੱਖਰੀ” ਦਾ ਸਬੂਤ ਅਤੇ ਸੁਨੇਹਾ ਦੇ ਰਿਹਾ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ