ਮੈਲਬਰਨ:
Martyrdom day of Shri Guru Arjan Dev Ji
ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ (Shri Guru Arjan Dev Ji) ਨੇ 15 ਅਪ੍ਰੈਲ 1563 ਈ: ਨੂੰ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ। ਆਪ ਜੀ ਦੀ ਮਾਤਾ ਦਾ ਨਾਂ ਬੀਬੀ ਭਾਨੀ ਸੀ। ਇਹ ਸਥਾਨ ਬਿਆਸ ਦਰਿਆ ਦੇ ਕੰਢੇ ਹੈ। ਆਪ ਦੇ ਵੱਡੇ ਭਰਾ ਸ੍ਰੀ ਪ੍ਰਿਥੀ ਚੰਦ ਤੇ ਸ੍ਰੀ ਮਹਾਂਦੇਵ ਸਨ। ਆਪ ਬਹੁਤ ਹੀ ਸੂਝਵਾਨ ਸਨ, ਇਹੋ ਕਾਰਨ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਗੁਰਗੱਦੀ ਸੌਂਪੀ।
ਗੁਰਗੱਦੀ ਧਾਰਨ ਤੋਂ ਪਹਿਲਾਂ ਆਪ ਬਤੌਰ ਇੱਕ ਸਫ਼ਲ ਪ੍ਰਚਾਰਕ ਦਾ ਕੰਮ ਕਰ ਚੁੱਕੇ ਸਨ। ਭਾਵੇਂ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਜਨਮ ਅਸਥਾਨ ਲਾਹੌਰ ਵਿਖੇ ਬਹੁਤਾ ਸਮਾਂ ਨਾ ਰਹਿ ਸਕੇ ਪਰ ਉਨ੍ਹਾਂ ਨੇ ਆਪ ਨੂੰੰ ਇੱਥੇ ਪ੍ਰਚਾਰ ਕਰਨ ਲਈ ਭੇਜਿਆ। ਲਾਹੌਰ ਉਸ ਸਮੇਂ ਸੂਬਾਈ ਰਾਜਧਾਨੀ ਹੋਣ ਕਰਕੇ ਬਹੁਤ ਪ੍ਰਸਿੱਧੀ ਵਾਲਾ ਸ਼ਹਿਰ ਸੀ। ਇੱਥੇ ਹੀ ਆਪ ਜੀ ਨੇ ਸ਼ਬਦ ਹਜ਼ਾਰੇ ਆਪਣੇ ਪਿਤਾ ਜੀ ਨੂੰ ਚਿੱਠੀਆਂ ਦੇ ਰੂਪ ਵਿੱਚ ਭੇਜੇ ਜੋ ਕਿ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ।
ਆਪ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ। ਮਸੰਦਾਂ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਹ ਸੰਗਤਾਂ ਪਾਸ ਦਸਵੰਧ ਉਗਰਾਹ ਕੇ ਆਪ ਪਾਸ ਜਮਾਂ ਕਰਾਉਣ ਤਾਂ ਜੋ ਲੰਗਰ ਅਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਨਿਰਵਿਘਨ ਚੱਲਦਾ ਰਹੇ। ਆਦਿ ਗ੍ਰੰਥ ਜਿਸ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੀ ਸੰਪਾਦਨਾ ਆਪ ਜੀ ਦੀ ਇੱਕ ਮਹਾਨ ਦੇਣ ਹੈ। ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ ਆਪ ਨੇ ਇਹ ਕੰਮ 1604 ਈ: ਵਿੱਚ ਮੁਕੰਮਲ ਕਰਕੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੀਤਾ। ਇਹ ਇੱਕ ਐਸਾ ਗ੍ਰੰਥ ਹੈ, ਜੋ ਕਿ ਸਭ ਧਰਮਾਂ ਦਾ ਸਾਂਝਾ ਹੈ। ਇਸ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਵਿਦਵਾਨਾਂ ਦੀ ਬਾਣੀ ਦਰਜ਼ ਹੈ। ਇਸ ਦਾ ਉਦੇਸ਼ ਚੌਂਹ ਵਰਣਾਂ ਲਈ ਸਾਂਝਾ ਹੈ।
ਬਾਣੀ ਰਾਗਾਂ ਵਿੱਚ ਹੈ। ਕੁਲ 30 ਰਾਗ ਹਨ। ਆਰੰਭ ਵਿੱਚ ਮੂਲ ਮੰਤਰ ਤੋਂ ਬਾਅਦ ਜਪੁਜੀ ਸਾਹਿਬ ਹੈ। ਹਰ ਰਾਗ ਵਿੱਚ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ , ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ (Shri Guru Arjan Dev Ji) ਦੀ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਨੇ ਨੌਵੀਂ ਪਾਤਸ਼ਹੀ ਦੀ ਬਾਣੀ ਬਾਦ ਵਿਚ ਦਰਜ ਕੀਤੀ। ਗੁਰੂਆਂ ਦੇੇ ਬਾਦ ਭਗਤਾਂ ਦੀ ਬਾਣੀ ਹੈ ਜੋ ਕਿ ਸਮੇਂ ਅਨੁਸਾਰ ਦਰਜ਼ ਹੈ। ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਹੈ, ਉਨ੍ਹਾਂ ਵਿੱਚ ਫ਼ਰੀਦ ਜੀ ,ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਧੰਨਾ ਜੀ, ਸੈਣ ਜੀ, ਪੀਪਾ ਜੀ, ਭੀਖਣ ਜੀ, ਸਧਨਾ ਜੀ, ਪਰਮਾਨੰਦ ਜੀ, ਸੂਰਦਾਸ ਜੀ, ਬੈਣੀ ਜੀ ਸ਼ਾਮਿਲ ਹਨ। ਭਾਈ ਮਰਦਾਨਾ ਦੇ 3 ਸਲੋਕ ਦਿੱਤੇ ਗਏ ਹਨ।
ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੇ ਕੰਮਾਂ ਨੂੰ ਪੂਰਾ ਕਰਨ ਵੱਲ ਆਪ ਨੇ ਧਿਆਨ ਦਿੱਤਾ। ਅੰਮ੍ਰਿਤਸਰ ਦੇ ਸਰੋਵਰ ਨੂੰ ਪੱਕਾ ਕਰਵਾਇਆ। ਇਸ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਜਿਸ ਦੀ ਨੀਂਹ ਮੁਸਲਮਾਨ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ, ਜਿਨ੍ਹਾਂ ਦਾ ਗੁਰੂ ਘਰ ਨਾਲ ਮੇਲ ਮਿਲਾਪ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਸੀ। ਇਹ ਸਥਾਨ ਸਿੱਖ ਕੌਮ ਲਈ ਇੱਕ ਅਜੂਬਾ ਬਣ ਗਿਆ। ਇਹ ਪਹਿਲਾ ਗੁਰਦੁਆਰਾ ਸੀ ਜਿਸ ਦੀ ਉਸਾਰੀ ਗੁਰੂ ਸਾਹਿਬ ਦੀ ਦੇਖ ਰੇਖ ਵਿੱਚ ਹੋਈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਣ ਲਈ ਆਲੀਸ਼ਾਨ ਦਰਸ਼ਨੀ ਡਿਊਢੀ ਬਣਾਈ। ਸ੍ਰੀ ਦਰਬਾਰ ਸਾਹਿਬ ਅੰਦਰ ਗੁਰਬਾਣੀ ਦਾ ਮਨੋਹਰ ਕੀਰਤਨ ਹੁੰਦਾ ਹੈ, ਜਿਸ ਦਾ ਦੁਨੀਆਂ ਭਰ ਦੇ ਸ਼ਰਧਾਲੀ ਆਨੰਦ ਮਾਣ ਰਹੇ ਹਨ।
ਗੁਰੂ ਸਾਹਿਬ ਨੇ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ 1590 ਈ. ਵਿੱਚ ਤਰਨਤਾਰਨ ਦਾ ਗੁਰਦੁਆਰਾ ਉਸਾਰਿਆ। ਇਸ ਵਿੱਚ ਗੁਰਦੁਆਰੇ ਦੀ ਇਮਾਰਤ ਸਰੋਵਰ ਦੇ ਇੱਕ ਪਾਸੇ ਹੈ। ਇਹ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਸੰਗਤਾਂ ਲਈ ਇਹ ਕੇਂਦਰ ਬਣ ਗਿਆ। ਜਦ ਆਪ ਬਿਆਸ ਦਰਿਆ ਪਾਰ ਕਰਕੇ ਦੁਆਬੇ ਗਏ ਤਾਂ ਆਪ ਨੇ ਇੱਕ ਨਵਾਂ ਕੇਂਦਰ ਕਰਤਾਰਪੁਰ 1594 ਈ. ਦੇ ਆਸ ਪਾਸ ਵਸਾਇਆ ਤੇ ਗੁਰਦੁਆਰੇ ਦੀ ਸਥਾਪਨਾ ਕੀਤੀ।
ਗੁਰੂ ਜੀ ਵਡਾਲੀ ਵਿਖੇ ਕੁਝ ਜ਼ਮੀਨ ਲੈ ਕੇ ਆਪ ਨੇ ਖੇਤੀ ਕਰਵਾਈ। ਇੱਥੇ ਹੀ 1595 ਈ: ਵਿੱਚ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਇਸ ਦੀ ਖੁਸ਼ੀ ਵਿੱਚ ਆਪ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਅਜਿਹੇ ਖੂਹ ਵਿੱਚ ਪੰਜਾਬ ਵਿੱਚ ਕੇਵਲ ਬਾਦਸ਼ਾਹ ਹੀ ਲਵਾਉਂਦੇ ਸਨ ਤੇ ਉਹ ਵੀ ਇੱਕ ਹਰਟ ਜਾਂ ਦੋ ਹਰਟਾਂ ਵਾਲਾ। ਇੱਕ ਹਰਟ ਨੂੰ ਗੇੜਨ ਲਈ ਇੱਕ ਬਲਦਾਂ ਦੀ ਜੋੜੀ ਹੁੰਦੀ ਸੀ ਜਾਂ ਇੱਕ ਊਠ ਨਾਲ ਉਸ ਨੂੰ ਗੇੜਿਆ ਜਾਂਦਾ ਸੀ। ਅੱਜ ਕੱਲ੍ਹ ਇੱਥੇ ਗੁਰਦੁਆਰਾ ਛੇਹਰਟਾ ਸਾਹਿਬ ਸਥਿਤ ਹੈ।
ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਕੰਢੇ ਤਹਿਸੀਲ ਬਟਾਲਾ ਘੁਮਾਣ ਪਿੰਡ ਲਾਗੇ ਆਪਣੇ ਸਪੁੱਤਰ ਦੇ ਨਾਂ ’ਤੇ ਸ੍ਰੀ ਹਰਿਗੋਬਿੰਦਪੁਰ ਵਸਾਇਆ। ਇਸ ਲਈ ਇੱਕ ਮੁਰੱਬਾ ਜ਼ਮੀਨ ਖ਼੍ਰੀਦੀ।ਲਾਹੌਰ ਵਿੱਚ ਆਪ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ’ਤੇ ਸੰਗਤਾਂ ਦੀ ਸਹੂਲਤ ਲਈ ਬਾਉਲੀ ਲਗਵਾਈ।
ਆਪ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਅਰਬ ਮੁਲਕਾਂ ਵਿੱਚ ਭੇਜਿਆ ਜਿਸ ਤੋਂ ਆਪ ਦੀ ਦੀਰਘ ਦ੍ਰਿਸ਼ਟੀ ਦਾ ਪਤਾ ਚੱਲਦਾ ਹੈ।ਆਪ ਵੱਲੋਂ ਬਾਦਸ਼ਾਹ ਅਕਬਰ ਪਾਸੋਂ ਕਿਸਾਨਾਂ ਦੇ ਲਗਾਨ ਮੁਆਫ਼ ਕਰਾਉਣ ਦਾ ਹਵਾਲਾ ਸਮਕਾਲੀ ਲੇਖਕ ਸੁਜਾਨ ਰਾਏ ਭੰਡਾਰੀ ਦੀ ਲਿਖਤ ਤੋਂ ਮਿਲਦਾ ਹੈ ਕਿ ਜਦ ਅਕਬਰ ਲਾਹੌਰ ਤੋਂ ਦੱਖਣ ਬਟਾਲੇ ਗਏ ਜਿੱਥੇ ਕਿ ਮੁਸਲਮਾਨ ਫ਼ਕੀਰ ਤੇ ਹਿੰਦੂ ਸਨਿਆਸੀ ਦੀ ਲੜਾਈ ਕਰਕੇ ਮੰਦਰ ਢਾਹ ਦਿੱਤਾ ਗਿਆ। ਅਕਬਰ ਨੇ ਇਹ ਮੰਦਰ ਦੁਬਾਰਾ ਬਣਵਾਇਆ ਤੇ ਵਧੀਕੀ ਕਰਨ ਵਾਲਿਆਂ ਵਿੱਚੋਂ ਕਈ ਕੈਦ ਕਰ ਦਿੱਤੇ। ਫਿਰ ਅਕਬਰ ਗੁਰੂ ਅਰਜਨ ਦੇਵ ਜੀ (Shri Guru Arjan Dev Ji) ਦੇ ਸਥਾਨ ਪੁੱਜਾ ਤੇ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਬਹੁਤ ਪ੍ਰਸੰਨ ਹੋਇਆ। ਉਨ੍ਹਾਂ ਨੇ ਗੁਰੂ ਜੀ ਦੇ ਕਹਿਣ ’ਤੇ ਲਗਾਨ ਦਾ ਛੇਵਾਂ ਭਾਗ ਮੁਆਫ਼ ਕਰ ਦਿੱਤਾ ਕਿਉਂਕਿ ਅਨਾਜ ਸਸਤਾ ਹੋਣ ਕਰਕੇ ਕਿਸਾਨ ਏਨਾਂ ਲਗਾਨ ਨਹੀਂ ਦੇ ਸਕਦੇ ਸਨ।
ਆਪ ਨੇ ਗੁਰੂ ਨਾਨਕ ਰਾਹੀਂ ਸਥਾਪਤ ਕੀਤੇ ਗਏ ਸਿਧਾਂਤਾਂ ਨੂੰ ਸਿੱਖਾਂ ਦੇ ਮਨ ਵਿੱਚ ਵਸਾਇਆ। ਆਪ ਜੀ ਗੁਰਿਆਈ ਸਮੇਂ ਸਿੱਖ ਧਰਮ ਨੇ ਬਹੁਤ ਤਰੱਕੀ ਕੀਤੀ। ਮਾਲਵੇ ਦੇ ਜੰਗਜੂ ਜੱਟ ਕਬੀਲਿਆਂ ਨੂੰ ਆਪ ਨੇ ਸਿੱਖ ਧਰਮ ਦੀ ਮੁੱਖ ਧਾਰਾ ਵਿੱਚ ਲਿਆਂਦਾ ਤੇ ਸਿੱਖਾਂ ਨੂੰ ਸਰਬਪੱਖੀ ਵਿਕਾਸ ਦੇ ਰਾਹ ’ਤੇ ਤੋਰਿਆ।
ਜਿੱਥੋਂ ਤੀਕ ਗੁਰੂ ਜੀ ਦੀ ਸ਼ਹਾਦਤ ਦਾ ਸੰਬੰਧ ਹੈ, ਉਸ ਬਾਰੇ ਵੱਖ-ਵੱਖ ਰਾਵਾਂ ਹਨ। ਸ਼ਾਂਤੀ ਦੇ ਪੁੰਜ ਤੇ ਸਬਰ ਸੰਤੋਖ ਵਾਲੀ ਸ਼ਖਸੀਅਤ ਦੇ ਮਾਲਕ ਗੁਰੂ ਜੀ ਦਾ ਅੰਤ ਬਹੁਤ ਦੁੱਖਾਂਤਿਕ ਸੀ। ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਜੋ ਕਿ ਤੁਜ਼ਕੇ ਜਹਾਂਗੀਰੀ ਵਿੱਚ ਦਰਜ਼ ਹੈ, “ਗੋਇੰਦਵਾਲ ਵਿਖੇ ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਸਥਿਤ ਹੈ ਪੀਰ ਅਤੇ ਸ਼ੇਖ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਿਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਸਿੱਧੇ ਸਾਦੇ ਦਿਲ ਵਾਲੇ ਹਿੰਦੂ ਇੱਥੋਂ ਤੀਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚੱਲਦਾ ਆ ਰਿਹਾ ਹੈ ਕਿ ਜਾਂ ਤਾਂ ਇਸ ਝੂਠੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”
ਜਦ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਹਿੰਦੂਆਂ ਨੇ ਬਾਦਸ਼ਾਹ ਨੂੰ ਛੱਡਣ ਲਈ ਅਪੀਲ ਕੀਤੀ। ਅਖ਼ੀਰ ਵਿੱਚ ਇਹ ਤਹਿ ਹੋਇਆ ਕਿ ਉਸ ਨੂੰ ਇੱਕ ਲੱਖ ਰੁਪਏ ਜੁਰਮਾਨੇ ਦੇ ਤੌਰ ’ਤੇ ਅਦਾ ਕਰਨੇ ਚਾਹੀਦੇ ਹਨ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜਮਾਨਤ ਦੇਣ ਪਿੱਛੋਂ ਕੀਤਾ ਗਿਆ। ਇਸ ਅਮੀਰ ਹਿੰਦੂ ਨਹੀਂ ਸੀ ਪਤਾ ਕਿ ਗੁਰੂ ਜੀ ਪਾਸ ਏਨੀ ਵੱਡੀ ਰਕਮ ਨਹੀਂ ਹੋ ਸਕਦੀ। ਇਸ ਅਮੀਰ ਹਿੰਦੂ ਦਾ ਨਾਂ ਚੰਦੂ ਸੀ। ਚੰਦੂ ਨੇ ਗੁਰੂ ਜੀ ਨੂੰ ਇਹ ਰਕਮ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਪਰ ਗੁਰੂ ਜੀ ਜੁਰਮਾਨਾ ਦੇਣਾ ਨਾ ਮੰਨੇ। ਗੁਰੂ ਜੀ ਨੂੰ ਕੜਕਦੀ ਧੁੱਪ ਵਿੱਚ ਕਿੱਲ੍ਹੇ ਦੇ ਇੱਕ ਬੁਰਜ਼ ਦੀ ਛੱਤ ਉੱਪਰ ਬਿਠਾਇਆ ਗਿਆ। ਉਨ੍ਹਾਂ ਦੇ ਹੇਠਾਂ ਅੱਗ ਵਾਂਗ ਤੱਪਦੀ ਤੱਤੀ ਰੇਤ ਰੱਖੀ ਗਈ। ਇਹ ਰੇਤ ਉਨ੍ਹਾਂ ਦੇ ਸਰੀਰ ਉੱਪਰ ਵੀ ਪਾਈ ਗਈ। ਇਸ ਤਰ੍ਹਾਂ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ। ਉਨ੍ਹਾਂ ਨੂੰ ਹੋਰ ਤੜਪਾਉਣ ਲਈ ਉਨ੍ਹਾਂ ਨੂੰ ਦਰਿਆ ਦੇ ਪਾਣੀ ਵਿੱਚ ਲਮਕਾਇਆ ਜਾਂਦਾ ਸੀ। ਰਾਵੀ ਦਰਿਆ ਉਸ ਸਮੇਂ ਲਾਹੌਰ ਕਿੱਲ੍ਹੇ ਦੀ ਕੰਧ ਨਾਲ ਹੀ ਵੱਗਦਾ ਸੀ, ਇੰਜ ਕਰਨ ਨਾਲ ਗੁਰੂ ਜੀ (Shri Guru Arjan Dev Ji) 30 ਮਈ 1606 ਈ: ਨੂੰ ਸ਼ਹੀਦ ਹੋ ਗਏ।
ਸਿੱਖ ਇਤਿਹਾਸ ਵਿੱਚ ਇਹ ਪਹਿਲੀ ਸ਼ਹਾਦਤ ਸੀ। ਇਸ ਪਿੱਛੋਂ ਸਿੱਖਾਂ ਦੀਆਂ ਸ਼ਹਾਦਤਾਂ ਦੀ ਝੜੀ ਲੱਗ ਗਈ। ਸ੍ਰੀ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਹਥਿਆਰਬੰਦ ਕਰਕੇ ਮੁਗ਼ਲਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ।ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮੁਗ਼ਲ ਹਕੂਮਤ ਵਿਰੁਧ ਲੜਾਈਆਂ ਲੜੀਆਂ।ਸ.ਬੰਦਾ ਸਿੰਘ ਬਹਾਦਰ ਨੇ ਇਸ ਸਘੰਰਸ਼ ਨੂੰ ਹੋਰ ਪ੍ਰਚੰਡ ਕੀਤਾ ਤੇ ਕਈ ਇਲਾਕੇ ਆਪਣੇ ਕਬਲੇ ਵਿਚ ਲਏ।ਸ.ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖ ਮਿਸਲਾਂ ਦਾ ਰਾਜ ਕਾਇਮ ਹੋਇਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ,ਜਿਸ ਨੇ ਦੁਨੀਆ ਦਾ ਨਕਸ਼ਾ ਬਦਲ ਦਿੱਤਾ।ਇਸ ਤਰ੍ਹਾਂ ਦੁਨੀਆਂ ਦੇ ਇਤਿਹਾਸ ਵਿਚ ਇਹ ਸ਼ਹਾਦਤ ਵਿਸ਼ੇਸ਼ ਸਥਾਨ ਰਖਦੀ ਹੈ।
ਵਿਸਥਾਰ ਲਈ ਵੇਖੋ ਸ੍ਰੀ ਗੁਰੂ ਅਰਜਨ ਦੇਵ ਵਿਸ਼ੇਸ਼ ਅੰਕ (ਸੰਪਾ: ਸਰਬਜਿੰਦਰ ਸਿੰਘ), ਨਾਨਕ ਪ੍ਰਕਾਸ਼ ਪੱਤ੍ਰਿਕਾ ਜੂਨ 2006 ਅੰਕ ਪਹਿਲਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ 2006
ਡਾ. ਚਰਨਜੀਤ ਸਿੰਘ ਗੁਮਟਾਲਾ
Read More:
ਸਿੱਖਾਂ ਤੇ ਮੁਗਲਾਂ ਦਾ ਪਹਿਲਾ ਯੁੱਧ (FIRST ANGLO SIKH WAR)