ਮੈਲਬਰਨ: ਆਸਟ੍ਰੇਲੀਆ ਨੇ ਭਾਰਤ ਦੇ ਲੋਕਾਂ ਲਈ ਵਿਸ਼ੇਸ਼ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ 3,000 ਭਾਰਤੀ ਗ੍ਰੈਜੂਏਟਾਂ ਅਤੇ ਨੌਜਵਾਨ ਕੈਰੀਅਰ ਸਟਾਰਟਰਾਂ ਨੂੰ ਦੇਸ਼ ’ਚ ਰਹਿਣ ਅਤੇ ਕੰਮ ਕਰਨ ਲਈ ਵੀਜ਼ਾ ਦਿੱਤਾ ਜਾਵੇਗਾ। ਇਹ ਇਸ ਹਫਤੇ ਸਾਹਮਣੇ ਆਏ ਫ਼ੈਡਰਲ ਬਜਟ ਵਿੱਚ ਕੀਤੇ ਗਏ ਕਈ ਐਲਾਨੇ ਵਿੱਚੋਂ ਇੱਕ ਹੈ। 1 ਨਵੰਬਰ 2024 ਤੋਂ, ਆਸਟ੍ਰੇਲੀਆ ਇੱਕ ਨਵੀਂ ਯੋਜਨਾ ਸ਼ੁਰੂ ਕਰ ਰਿਹਾ ਹੈ ਜਿਸ ਨੂੰ ਮੋਬਿਲਿਟੀ ਅਰੇਂਜਮੈਂਟ ਫ਼ਾਰ ਟੈਲੇਂਟਡ ਅਰਲੀ-ਪ੍ਰੋਫ਼ੈਸ਼ਨਲਸ (MATES) ਕਿਹਾ ਜਾਂਦਾ ਹੈ। ‘ਮੇਟਸ’ ਉਹ ਸ਼ਬਦ ਹੈ ਜੋ ਆਸਟ੍ਰੇਲੀਆ ਵਿੱਚ ਦੋਸਤ ਲਈ ਵਰਤਿਆ ਜਾਂਦਾ ਹੈ। ਇਸ ਯੋਜਨਾ ਤਹਿਤ 3,000 ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ’ਚ ਕੰਮ ਕਰਨ ਅਤੇ ਰਹਿਣ ਲਈ ਦੋ ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਵਿਸ਼ੇਸ਼ ਖੇਤਰਾਂ ਵਿੱਚ ਪੜ੍ਹਾਈ ਕਰਨ, ਸਕਿੱਲ ਵਿਕਸਤ ਕਰਨ ਅਤੇ ਪੇਸ਼ੇਵਰ ਤਜਰਬੇ ਨੂੰ ਵਧਾਉਣ ਲਈ ਆਸਟ੍ਰੇਲੀਆ ਦਾ ਵੀਜ਼ਾ ਪ੍ਰਾਪਤ ਕਰਨ ਲਈ ਯੋਗ ਹੋਣਗੇ। ਇਸ ਦੀ ਫੀਸ 390 ਡਾਲਰ ਯਾਨੀ ਕਰੀਬ 22,000 ਰੁਪਏ ਰੱਖੀ ਗਈ ਹੈ, ਜਿਸ ’ਚੋਂ 25 ਡਾਲਰ ਯਾਨੀ ਕਰੀਬ 1,500 ਰੁਪਏ ਪ੍ਰੀ-ਐਪਲੀਕੇਸ਼ਨ ਫੀਸ ਹੋਵੇਗੀ।
ਭਾਰਤੀਆਂ ਨੂੰ ਵੀ ਮਿਲ ਸਕੇਗਾ ਬੈਕਪੈਕਰ ਵੀਜ਼ਾ, ਪਰ…
ਭਾਰਤ-ਆਸਟ੍ਰੇਲੀਆ ‘ਏਕਤਾ’ ਸਮਝੌਤੇ ’ਚ ਭਾਰਤ ਨੇ ਇਕ ਹੋਰ ਅਪੀਲ ਕੀਤੀ ਸੀ ਕਿ ਉਸ ਦੇ ਲੋਕਾਂ ਨੂੰ ਵੀ ਯੂਰਪੀਅਨ ਦੇਸ਼ਾਂ ਵਾਂਗ ਬੈਕਪੈਕਰ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ। ਆਸਟ੍ਰੇਲੀਆ ਦਾ ਬੈਕਪੈਕਰ ਵੀਜ਼ਾ, ਜਿਸ ਨੂੰ ਸਬਕਲਾਸ 417 ਅਤੇ ਸਬਕਲਾਸ 462 ਵੀਜ਼ਾ ਕਿਹਾ ਜਾਂਦਾ ਹੈ, ਹੁਣ ਤੱਕ ਭਾਰਤੀਆਂ ਲਈ ਉਪਲਬਧ ਨਹੀਂ ਸੀ। ਇਹ ਵੀਜ਼ਾ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਅਸਥਾਈ ਤੌਰ ’ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਅਧਿਕਾਰ ਦਿੰਦਾ ਹੈ। ਹੁਣ ਇਸ ਵਿੱਚ ਤਿੰਨ ਹੋਰ ਦੇਸ਼ ਸ਼ਾਮਲ ਹੋ ਗਏ ਹਨ। ਭਾਰਤ ਤੋਂ ਇਲਾਵਾ ਚੀਨ ਅਤੇ ਵੀਅਤਨਾਮ ਦੇ ਲੋਕਾਂ ਨੂੰ ਵੀ ਬੈਕਪੈਕਰ ਵੀਜ਼ਾ ਦਿੱਤਾ ਜਾਵੇਗਾ। ਪਰ ਇਹ ਵੀਜ਼ਾ ਸਾਰਿਆਂ ਨੂੰ ਨਹੀਂ ਦਿੱਤਾ ਜਾਵੇਗਾ ਬਲਕਿ ਲਾਟਰੀ ਦੇ ਆਧਾਰ ‘ਤੇ ਦਿੱਤਾ ਜਾਵੇਗਾ।
ਭਾਰਤ ਲਈ ਕਈ ਐਲਾਨ
ਆਸਟ੍ਰੇਲੀਆ ਦੇ ਬਜਟ ਵਿੱਚ ਭਾਰਤ ਲਈ ਕਈ ਹੋਰ ਸਹੂਲਤਾਂ ਦਾ ਵੀ ਐਲਾਨ ਕੀਤਾ ਗਿਆ ਹੈ। ਉਦਾਹਰਣ ਵਜੋਂ, ਭਾਰਤੀ ਕਾਰੋਬਾਰੀਆਂ ਲਈ ਵੀਜ਼ਾ ਦੀ ਵੱਧ ਤੋਂ ਵੱਧ ਮਿਆਦ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਕਰ ਦਿੱਤੀ ਗਈ ਹੈ। ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਜਿਮ ਚੈਮਰਸ ਨੇ ਕਿਹਾ ਕਿ ਇਸ ਵਾਧੇ ਨਾਲ ਵਪਾਰੀਆਂ ਨੂੰ ਗੱਲਬਾਤ ਕਰਨ ਅਤੇ ਸਹਿਯੋਗ ਕਰਨ ਲਈ ਵਧੇਰੇ ਸਮਾਂ ਮਿਲੇਗਾ।
ਆਸਟ੍ਰੇਲੀਆ ਹਰ ਸਾਲ ਆਸਟ੍ਰੇਲੀਆ ਵਿੱਚ ਰਹਿਣ ਲਈ ਇੱਕ ਨਿਸ਼ਚਿਤ ਗਿਣਤੀ ਵਿੱਚ ਲੋਕਾਂ ਨੂੰ ਸਥਾਈ ਵੀਜ਼ਾ ਦਿੰਦਾ ਹੈ। ਇਸ ਸਾਲ ਇਹ ਗਿਣਤੀ 185,000 ਨਿਰਧਾਰਤ ਕੀਤੀ ਗਈ ਹੈ, ਜਿਸ ਵਿਚੋਂ 132,000 ਵੀਜ਼ਾ ਸਕਿੱਲਡ ਵਰਕਰਾਂ ਨੂੰ ਦਿੱਤੇ ਜਾਣਗੇ। ਇਸ ਨਾਲ ਭਾਰਤੀਆਂ ਨੂੰ ਵੀ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਹਰ ਸਾਲ ਵੱਡੀ ਗਿਣਤੀ ‘ਚ ਭਾਰਤੀਆਂ ਨੂੰ ਇਹ ਵੀਜ਼ਾ ਮਿਲਦਾ ਹੈ।