ਮੈਲਬਰਨ: ਇੱਕ ਛੋਟੇ ਜਹਾਜ਼ ਦਾ ਲੈਂਡਿੰਗ ਗੇਅਰ ਖ਼ਰਾਬ ਹੋ ਜਾਣ ਦੇ ਬਾਵਜੂਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਇਸ ਦੇ ਪਾਇਲਟ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਬੀਚ ਬੀ-200 ਸੁਪਰ ਕਿੰਗ ਜਹਾਜ਼ ‘ਚ ਦੋ ਬਜ਼ੁਰਗ ਮੁਸਾਫ਼ਰ ਸਵਾਰ ਸਨ, ਜਿਨ੍ਹਾਂ ‘ਚ 60 ਸਾਲ ਦਾ ਮਰਦ ਅਤੇ 65 ਸਾਲ ਦੀ ਔਰਤ ਸ਼ਾਮਲ ਸਨ।
ਜਹਾਜ਼ ਨੇ ਸਵੇਰੇ ਕਰੀਬ 8:30 ਵਜੇ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਪੋਰਟ ਮੈਕਕੁਏਰੀ ਵੱਲ ਜਾ ਰਿਹਾ ਸੀ। ਹਾਲਾਂਕਿ, ਲੈਂਡਿੰਗ ਗਿਅਰ ਵਿੱਚ ਸਮੱਸਿਆ ਦੀ ਰਿਪੋਰਟ ਕਰਨ ਤੋਂ ਬਾਅਦ, 53 ਸਾਲ ਦੇ ਕੁਈਨਜ਼ਲੈਂਡ ਦੇ ਪਾਇਲਟ ਨੇ ਨਿਊਕੈਸਲ ਦੇ ਆਸ-ਪਾਸ ਘੁੰਮਦੇ ਰਹਿਣ ਅਤੇ ਫ਼ਿਊਲ ਖ਼ਤਮ ਹੋਣ ’ਤੇ ਉਤਰਨ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ। ਹੰਗਾਮੀ ਸਥਿਤੀ ਨੂੰ ਵੇਖਦਿਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸਾਂ ਸਮੇਤ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਤਿਆਰ ਸਨ। ਪਾਇਲਟ ਦੁਪਹਿਰ ਤੋਂ ਥੋੜ੍ਹੀ ਦੇਰ ਬਾਅਦ ਤੱਕ 90 ਮਿੰਟਾਂ ਤਕ ਹਵਾ ਵਿਚ ਘੁੰਮਦਾ ਰਿਹਾ ਅਤੇ ਫਿਰ ਉਸ ਨੇ ਜਹਾਜ਼ ਦੀ ਰਫ਼ਤਾਰ ਹੌਲੀ ਹੋਣ ’ਤੇ ਵ੍ਹੀਲ-ਅੱਪ ਲੈਂਡਿੰਗ ਨੂੰ ਅੰਜਾਮ ਦਿੱਤਾ। ਤਸਵੀਰਾਂ ’ਚ ਹਵਾਈ ਜਹਾਜ਼ ਬਗ਼ੈਰ ਲੈਂਡਿੰਗ ਗੀਅਰ ਤੋਂ ਖੜ੍ਹਾ ਦਿਸ ਰਿਹਾ ਸੀ।
ਸੁਪਰਡੈਂਟ ਵੇਨ ਹਮਫਰੀ ਨੇ ਕਿਹਾ ਕਿ ਕਿਸੇ ਨੂੰ ਵੀ ਹਸਪਤਾਲ ਭਰਤੀ ਕਰਵਾਉਣ ਦੀ ਜ਼ਰੂਰਤ ਨਹੀਂ ਪਈ। ਹਮਫਰੀ ਨੇ ਕਿਹਾ ਕਿ ਜਦੋਂ ਜਹਾਜ਼ ਸੁਰੱਖਿਅਤ ਉਤਰਿਆ ਤਾਂ ਆਪਰੇਸ਼ਨ ਲਈ ਕਮਾਂਡ ਸਟੇਸ਼ਨ ‘ਤੇ ਹਰ ਕਿਸੇ ਨੇ ਖ਼ੁਸ਼ੀ ’ਚ ਤਾੜੀਆਂ ਮਾਰੀਆਂ ਅਤੇ ਸੁੱਖ ਦਾ ਸਾਹ ਲਿਆ। ਜਹਾਜ਼ ਨੂੰ ਬਾਹਰ ਕੱਢੇ ਜਾਣ ਤੱਕ ਹਵਾਈ ਅੱਡਾ ਲਗਭਗ 24 ਘੰਟਿਆਂ ਲਈ ਬੰਦ ਰਹੇਗਾ। ਈਸਟਰਨ ਹਵਾਈ ਸੇਵਾਵਾਂ ਨੇ ਪਾਇਲਟ ਦੀ “ਬੇਮਿਸਾਲ” ਕੰਮ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਆਸਟ੍ਰੇਲੀਆਈ ਟਰਾਂਸਪੋਰਟ ਸੇਫਟੀ ਬਿਊਰੋ ਇਸ ਘਟਨਾ ਦੀ ਜਾਂਚ ਕਰੇਗਾ।