ਮੈਲਬਰਨ: ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਇਕ ਨਿੱਜੀ ਹਾਈ ਸਕੂਲ ਦੇ ਕੁਝ ਮੁੰਡਿਆਂ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਆਪਣੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੀ ‘ਸਪ੍ਰੈਡਸ਼ੀਟ ‘ਤੇ ਰੈਂਕਿੰਗ’ ਕਰ ਰਹੇ ਸਨ। ਵਿਕਟੋਰੀਆ ਸੂਬੇ ਦੀ ਮੁੱਖ ਮੰਤਰੀ ਨੇ ਇਸ ਘਟਨਾ ਨੂੰ ‘ਅਪਮਾਨਜਨਕ ਅਤੇ ਘਿਨਾਉਣਾ’ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਤੋਂ ਬਹੁਤ ਹੈਰਾਨ ਹਨ। ਮੈਲਬਰਨ ਦੇ ਰਿੰਗਵੁੱਡ ਕਸਬੇ ਦੇ ਯਾਰਾ ਵੈਲੀ ਗ੍ਰਾਮਰ ਸਕੂਲ ਦੇ ਤਿੰਨ ਵਿਦਿਆਰਥੀਆਂ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੀਆਂ ਤਸਵੀਰਾਂ ਨਾਲ ਇੱਕ ਸਪ੍ਰੈਡਸ਼ੀਟ ਬਣਾਈ ਸੀ ਅਤੇ ਉਨ੍ਹਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਕੁੜੀਆਂ ‘ਤੇ ਬੇਹੱਦ ਅਸ਼ਲੀਲ ਟਿੱਪਣੀਆਂ ਲਿਖੀਆਂ ਸਨ। ਇਹ ਟਿੱਪਣੀਆਂ ਉਨ੍ਹਾਂ ਦੀ ਰੈਂਕਿੰਗ ਦੇ ਅਨੁਸਾਰ ਕੀਤੀਆਂ ਗਈਆਂ ਸਨ, ਜਿਵੇਂ ਕਿ “ਪਤਨੀ ਬਣਨ ਦੀ ਹੱਕਦਾਰ”, “ਪਿਆਰੀ”, “ਠੀਕ-ਠਾਕ ਹੈ”, “ਦਫ਼ਾ ਕਰੋ ਕਰੋ”, “ਬਲਾਤਕਾਰ ਦੇ ਯੋਗ ਵੀ ਨਹੀਂ”।
ਸਕੂਲ ਦੇ ਪ੍ਰਿੰਸੀਪਲ ਮਾਰਕ ਮੈਰੀ ਨੇ ਕਿਹਾ ਕਿ ਸਪਰੈੱਡਸ਼ੀਟ ਦੇ ਸਕ੍ਰੀਨਸ਼ਾਟ ਇੰਟਰਨੈੱਟ ‘ਤੇ ਸਾਂਝੇ ਕੀਤੇ ਗਏ ਸਨ ਅਤੇ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਵੇਖੇ ਜਾਣ ਮਗਰੋਂ ਮੁੰਡਿਆਂ ਵਿਰੁਧ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਉਸ ਤੋਂ ਉਹ ਬਹੁਤ ਗੁੱਸੇ ਅਤੇ ਹੈਰਾਨ ਹਨ। ABC ਨਿਊਜ਼ ਨਾਲ ਗੱਲਬਾਤ ਵਿੱਚ ਮਾਰਕ ਮੈਰੀ ਨੇ ਕਿਹਾ, “ਜਦੋਂ ਮੈਨੂੰ ਇਸ ਬਾਰੇ ਦੱਸਿਆ ਗਿਆ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਵੀ, ਕੋਈ ਵੀ ਇਸ ਤਰ੍ਹਾਂ ਦੀਆਂ ਕੁੜੀਆਂ ‘ਤੇ ਇਤਰਾਜ਼ ਕਰ ਸਕਦਾ ਹੈ, ਉਹ ਵੀ ਉਨ੍ਹਾਂ ਨਾਲ ਪੜ੍ਹਨ ਵਾਲੀਆਂ ਕੁੜੀਆਂ। ਅਤੇ ਦੂਜਾ, ਕੋਈ ਇੰਨਾ ਬੇਰਹਿਮ ਹੋ ਸਕਦਾ ਹੈ,” ਉਨ੍ਹਾਂ ਕਿਹਾ ਕਿ ਉਹ ਘਟਨਾਵਾਂ ਦੀ ਲੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਜਦਕਿ ਵਿਕਟੋਰੀਆ ਦੀ ਮੁੱਖ ਮੰਤਰੀ ਜੈਸਿੰਟਾ ਐਲਨ ਨੇ ਮੀਡੀਆ ਨੂੰ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਵਿਚ ਔਰਤਾਂ ਵਿਰੁੱਧ ਹਿੰਸਾ ਨੂੰ ਲੈ ਕੇ ਇੰਨੀ ਬਹਿਸ ਹੋ ਰਹੀ ਹੈ ਇਹ ਘਟਨਾ ਸਾਹਮਣੇ ਆਉਣਾ ਸ਼ਰਮਨਾਕ ਗੱਲ ਹੈ। ਐਲਨ ਨੇ ਕਿਹਾ, ‘‘ਰਿੰਗਵੁੱਡ ਸਕੂਲ ਵਿੱਚ ਮੁੰਡਿਆਂ ਦੇ ਵਿਵਹਾਰ ਬਾਰੇ ਰਿਪੋਰਟਾਂ ਸ਼ਰਮਨਾਕ, ਘਿਨਾਉਣੀਆਂ ਅਤੇ ਕਿਸੇ ਵੀ ਤਰ੍ਹਾਂ ਸਵੀਕਾਰ ਯੋਗ ਨਹੀਂ ਹਨ।’’ ਉਨ੍ਹਾਂ ਕਿਹਾ ਕਿ ਜਿਨ੍ਹਾਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਨੂੰ “ਬਹੁਤ ਵੱਡਾ ਸਦਮਾ” ਲੱਗਾ ਹੈ। ਉਨ੍ਹਾਂ ਕਿਹਾ ਹਕਿ ਔਰਤਾਂ ਦਾ ਸਨਮਾਨ ਕਰਨਾ ਸਾਡੇ ਸਮਾਜ ਦੇ ਹਰ ਵਰਗ, ਹਰ ਘਰ ਅਤੇ ਹਰ ਹਿੱਸੇ ਦੀ ਤਰਜੀਹ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ, ਬਹੁਤ ਸਾਰੀਆਂ ਔਰਤਾਂ ਆਪਣੀਆਂ ਜਾਨਾਂ ਗੁਆ ਰਹੀਆਂ ਹਨ।
ਇਸ ਮਹੀਨੇ ਦੀ ਸ਼ੁਰੂਆਤ ‘ਚ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ‘ਚ ਔਰਤਾਂ ਵਿਰੁੱਧ ਹਿੰਸਾ ਦੇ ਵਿਰੋਧ ‘ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਇਹ ‘ਰਾਸ਼ਟਰੀ ਸੰਕਟ’ ਬਣ ਗਿਆ ਹੈ। 2.7 ਕਰੋੜ ਦੀ ਆਬਾਦੀ ਵਾਲੇ ਆਸਟ੍ਰੇਲੀਆ ਵਿੱਚ ਇਸ ਸਾਲ ਚਾਰ ਮਹੀਨਿਆਂ ਵਿੱਚ 28 ਔਰਤਾਂ ਦਾ ਕਤਲ ਕੀਤਾ ਗਿਆ ਹੈ ਅਤੇ ਇਹ ਰੁਝਾਨ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ।