ਮੈਲਬਰਨ: 2020 ‘ਚ ਸੰਵੇਦਨਸ਼ੀਲ ਡਿਫ਼ੈਂਸ ਅਤੇ ਵਪਾਰਕ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਇੰਡੀਅਨ ਖੁਫੀਆ ਅਧਿਕਾਰੀਆਂ ਨੂੰ ਦੇਸ਼ ਤੋਂ ਕੱਢੇ ਜਾਣ ਦੇ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਪੀਟਰ ਡਟਨ ਨੇ ਕਿਹਾ ਹੈ ਕਿ ਆਸਟ੍ਰੇਲੀਆ ‘ਚ ਵਿਦੇਸ਼ੀ ਦਖਲਅੰਦਾਜ਼ੀ ਦਾ ਵੱਡਾ ਖਤਰਾ ਹੈ। ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਇਸ ਜਾਸੂਸੀ ਨੈੱਟਵਰਕ ਨੂੰ ਚਲਾ ਰਹੀ ਹੈ।
ਡਟਨ, ਜੋ ਉਸ ਸਮੇਂ ਗ੍ਰਹਿ ਮਾਮਲਿਆਂ ਦੇ ਮੰਤਰੀ ਸਨ, ਨੇ ਕਿਹਾ, ‘‘ASIO ਦੇ ਡਾਇਰੈਕਟਰ ਜਨਰਲ ਨੇ ਕਈ ਵਾਰੀ ਕਿਹਾ ਹੈ ਕਿ ਸਾਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਵੱਡਾ ਖ਼ਤਰਾ ਹੈ। ਇਹ ਕਈ ਸਰੋਤਾਂ ਤੋਂ ਹੋ ਸਕਦੀ ਹੈ ਅਤੇ ਇਨ੍ਹਾਂ ਨੂੰ ਹਰਾਉਣ ਲਈ ASIO ਕੋਲ ਸਰੋਤ ਮੌਜੂਦ ਹੋਣੇ ਚਾਹੀਦੇ ਹਨ।’’ ਹਾਲਾਂਕਿ ਉਨ੍ਹਾਂ ਨੇ ਕਿਸੇ ਵਿਸ਼ੇਸ਼ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਨਾ ਤਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਾ ਹੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਜਾਸੂਸਾਂ ਨੂੰ ਕੱਢੇ ਜਾਣ ‘ਤੇ ਕੋਈ ਟਿੱਪਣੀ ਕੀਤੀ। ਵੋਂਗ ਨੇ ਵਿਦੇਸ਼ੀ ਦਖਲਅੰਦਾਜ਼ੀ ਦੇ ਸਾਹਮਣੇ ਲੋਕਤੰਤਰੀ ਸਿਧਾਂਤਾਂ ਅਤੇ ਲਚਕੀਲੇਪਣ ਦੀ ਮਹੱਤਤਾ ਨੂੰ ਦੁਹਰਾਇਆ।
ਪਿਛਲੇ ਦਿਨੀਂ ਪ੍ਰਕਾਸ਼ਿਤ ‘ਵਾਸ਼ਿੰਗਟਨ ਪੋਸਟ’ ਦੀ ਇੱਕ ਰਿਪੋਰਟ ਮੁਤਾਬਕ ਕਈ ਪੱਛਮੀ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਨੇ ਇੰਡੀਆ ਦੀ ਵਿਦੇਸ਼ੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਏਜੰਟਾਂ ਨੂੰ ਜੜ੍ਹੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਉੱਥੇ ਵਸੇ ਸਿੱਖਾਂ ਦੀ ਨਿਗਰਾਨੀ ਕਰ ਰਹੇ ਸਨ। ਹਾਲਾਂਕਿ ਇੰਡੀਆ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਸ ਰਿਪੋਰਟ ਨੂੰ ‘ਅਟਕਲਾਂ ਅਤੇ ਗੈਰ-ਜ਼ਿੰਮੇਵਾਰਾਨਾ’ ਕਰਾਰ ਦਿੱਤਾ।