ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ‘ਤੇ ਘੱਟੋ-ਘੱਟ 29 ਪਾਇਲਟ ਵ੍ਹੇਲ ਮੱਛੀਆਂ ਦੀ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਕਿਹਾ ਕਿ ਵੀਰਵਾਰ ਨੂੰ ਲਗਭਗ 160 ਵ੍ਹੇਲ ਪਿਆ ਕੋਰਟਿਸ ਬੀਚ ‘ਤੇ ਪਹੁੰਚੀਆਂ ਸਨ। ਇਨ੍ਹਾਂ ਵਿਚੋਂ 130 ਨੂੰ ਬਚਾ ਲਿਆ ਗਿਆ ਜਦਕਿ 29 ਦੀ ਮੌਤ ਹੋ ਗਈ। ਆਸਟ੍ਰੇਲੀਆ ਦੀ ਵਾਈਲਡਲਾਈਫ ਸਰਵਿਸ ਮ੍ਰਿਤਕ ਪਾਇਲਟ ਵ੍ਹੇਲ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰੇਗੀ। ਇਹ ਵ੍ਹੇਲ ਸਮੁੰਦਰੀ ਕੰਢੇ ‘ਤੇ ਕਿਉਂ ਆਈਆਂ, ਇਸ ਬਾਰੇ ਫਿਲਹਾਲ ਜਾਣਕਾਰੀ ਦਾ ਖੁਲਾਸਾ ਨਹੀਂ ਹੋਇਆ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਵੇਲ੍ਹਾਂ ਦੇ ਗਰੁੱਪ ਦਾ ਕੋਈ ਮੈਂਬਰ ਬਿਮਾਰ ਹੋਣਾ ਜਾਂ ਸ਼ੋਰ ਪ੍ਰਦੂਸ਼ਣ ਹੋ ਸਕਦਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਮਾਦਾ ਵ੍ਹੇਲ ਅਤੇ ਉਨ੍ਹਾਂ ਦੇ ਬੱਚੇ ਸ਼ਾਮਲ ਸਨ। ਵੇਲ੍ਹ ਮੱਛੀਆਂ ਨੂੰ ਬਚਾਉਣ ਲਈ ਵੱਡੀ ਗਿਣਤੀ ’ਚ ਬਚਾਅਕਰਤਾ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਡੂੰਘੇ ਸਮੁੰਦਰੀ ’ਚ ਵੇਲ੍ਹਾਂ ਨੂੰ ਵਾਪਸ ਧੱਕਦੇ ਹੋਏ ਅਤੇ ਉਨ੍ਹਾਂ ’ਤੇ ਪਾਣੀ ਸੁੱਟਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਬਚਾਅ ਤੋਂ ਬਾਅਦ ਵੇਲ੍ਹ ਦੀ ਛੋਟੇ ਹਵਾਈ ਜਹਾਜ਼ ਨਾਲ ਸਾਰਾ ਦਿਨ ਨਿਗਰਾਨੀ ਕੀਤੀ ਗਈ।