ਮੈਲਬਰਨ: ਆਸਟ੍ਰੇਲੀਆ ਦੀਆਂ ਦੋ ਬਚਪਨ ਦੀਆਂ ਸਹੇਲੀਆਂ ਬ੍ਰੋਨਵੇਨ ਬੋਕ ਅਤੇ ਲੂਸੀ ਬ੍ਰੈਡਲੋ ਨੇ ਦੇਸ਼ ਦੇ ਪਹਿਲੇ ਪੋਲੀਟੀਕਲ ਜੌਬ-ਸ਼ੇਅਰ ਉਮੀਦਵਾਰ ਬਣਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਟੀਚਾ ਅਗਲੀਆਂ ਫੈਡਰਲ ਚੋਣਾਂ ਵਿੱਚ ਹਿਗਿੰਸ ਦੀ ਮੈਲਬਰਨ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਹੈ। ਉਹ ਜਲਵਾਯੂ ਤਬਦੀਲੀ ਵਿਰੁਧ ਕਾਰਵਾਈ ਅਤੇ ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਨੂੰ ਘਟਾਉਣ ਦੇ ਮੁੱਦਿਆਂ ’ਤੇ ਚੋਣ ਲੜਨਗੀਆਂ।
ਉਨ੍ਹਾਂ ਦੀ ਯੋਜਨਾ ਵਾਰੋ-ਵਾਰੀ ਹਰ ਇੱਕ ਹਫਤੇ ਬਾਅਦ ਕੰਮ ਨੂੰ ਸੰਭਾਲਣ ਦੀ ਹੈ, ਜਿਸ ਵਿੱਚ ਇੱਕ ਈਮੇਲ ਪਤਾ ਹੋਵੇਗਾ, ਇੱਕ ਸੰਸਦੀ ਵੋਟ ਅਤੇ ਹਰ ਸਮੇਂ ਕੰਮ ਕਰਨ ਵਾਲਾ ਇੱਕ ਵਿਅਕਤੀ ਹਾਜ਼ਰ ਰਹਿਣਾ ਸ਼ਾਮਲ ਹੋਵੇਗਾ। ਤਨਖਾਹ ਨੂੰ ਬਰਾਬਰ ਵੰਡਿਆ ਜਾਵੇਗਾ। ਉਨ੍ਹਾਂ ਕੋਲ ਕਿਸੇ ਵੀ ਅਸਹਿਮਤੀ ਤੋਂ ਬਚਣ ਲਈ ਪਹਿਲਾਂ ਤੋਂ ਲਿਖਤੀ ਟਕਰਾਅ ਹੱਲ ਰਣਨੀਤੀ ਹੈ। ਹਾਲਾਂਕਿ ਉਨ੍ਹਾਂ ਦੇ ਇਸ ਐਲਾਨ ਦਾ ਨੈਸ਼ਨਲ ਐਮ.ਪੀ. ਡੈਰੇਨ ਚੈਸਟਰ ਨੇ ਸਖ਼ਤ ਵਿਰੋਧ ਕੀਤਾ ਹੈ, ਜਿਨ੍ਹਾਂ ਨੇ ਪ੍ਰਸਤਾਵ ਨੂੰ “ਪੂਰੀ ਤਰ੍ਹਾਂ ਬੇਕਾਰ” ਦੱਸਿਆ। ਪਰ ਸ਼ੱਕ ਅਤੇ ਆਲੋਚਨਾ ਦੇ ਬਾਵਜੂਦ ਬੋਕ ਅਤੇ ਬ੍ਰੈਡਲੋ ਇਹ ਸਾਬਤ ਕਰਨ ਲਈ ਦ੍ਰਿੜ ਹਨ ਕਿ ਸਿਆਸਤ ਵੱਖਰੇ ਢੰਗ ਨਾਲ ਕੀਤੀ ਜਾ ਸਕਦੀ ਹੈ।
ਉਹ ਦਲੀਲ ਦਿੰਦੇ ਹਨ ਸੰਸਦ ਦੀ ਸੀਟ ਵੀ ਕਿਸੇ ਹੋਰ ਕੰਮ ਵਾਲੀ ਥਾਂ ‘ਤੇ ਨੌਕਰੀ ਕਰਨ ਵਾਂਗ ਹੀ ਹੈ ਜਿਸ ਨੂੰ ਸਾਂਝਾ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਇਹ ਪੱਖਪਾਤੀ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਬਹਿਸ ਕਰਨ ਅਤੇ ਚੰਗੇ ਫੈਸਲੇ ਲੈਣ ਲਈ ਹੁਨਰ, ਤਜਰਬੇ ਅਤੇ ਦੋ ਦਿਮਾਗ ਲਿਆ ਰਹੇ ਹਨ।