ਮੈਲਬਰਨ : ਵਿਕਟੋਰੀਆ ਦੇ ਇਕ ਬੀਅਰ ਗਾਰਡਨ ‘ਚ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮਾਰਨ ਦੇ ਦੋਸ਼ੀ ਡਰਾਈਵਰ ਦੀ 6 ਦਿਨਾਂ ਦੀ ਸੁਣਵਾਈ ਤੈਅ ਕੀਤੀ ਗਈ ਹੈ। ਵਿਲੀਅਮ ਸਵਾਲੇ (67) ਨੇ 5 ਨਵੰਬਰ, 2023 ਨੂੰ ਰਾਇਲ ਡੇਲਸਫੋਰਡ ਹੋਟਲ ਦੇ ਸਾਹਮਣੇ ਦੇ ਬਾਗ਼ ਵਿਚ ਬੈਠੇ ਕਈ ਲੋਕਾਂ ਨੂੰ ਕਥਿਤ ਤੌਰ ‘ਤੇ ਆਪਣੀ SUV ਹੇਠ ਦਰੜ ਦਿਤਾ ਸੀ ਅਤੇ ਕਈ ਹੋਰਾਂ ਨੂੰ ਟੱਕਰ ਮਾਰ ਦਿੱਤੀ ਸੀ। ਸਵਾਲੇ ਵੀਰਵਾਰ ਦੁਪਹਿਰ ਨੂੰ ਬੈਲਾਰੇਟ ਮੈਜਿਸਟ੍ਰੇਟ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ ਸੀ, ਜਿੱਥੇ ਸਤੰਬਰ ਲਈ ਛੇ ਦਿਨਾਂ ਦੀ ਸੁਣਵਾਈ ਤੈਅ ਕੀਤੀ ਗਈ ਸੀ।
ਇਸ ਹਾਦਸੇ ‘ਚ ਪ੍ਰਤਿਭਾ ਸ਼ਰਮਾ (44), ਉਸ ਦੀ ਬੇਟੀ ਅਨਵੀ (9), ਸਾਥੀ ਜਤਿਨ ਕੁਮਾਰ (30) ਅਤੇ ਉਨ੍ਹਾਂ ਦੇ ਦੋਸਤ ਵਿਵੇਕ ਭਾਟੀਆ (38) ਅਤੇ ਉਸ ਦਾ ਬੇਟਾ ਵਿਹਾਨ (11) ਦੀ ਮੌਤ ਹੋ ਗਈ। ਪੁਲਿਸ ਦਾ ਦੋਸ਼ ਹੈ ਕਿ 1994 ਤੋਂ ਡਾਇਬਿਟੀਜ਼ ਨਾਲ ਪੀੜਤ ਸਵਾਲੇ ਦੀ ਸ਼ੂਗਰ ਘੱਟ ਹੋ ਗਈ ਸੀ ਪਰ ਉਸ ਨੇ ਇਸ ਦੀ ਪ੍ਰਵਾਹ ਕੀਤੇ ਬਗ਼ੈਰ ਗੱਡੀ ਚਲਾਉਣਾ ਜਾਰੀ ਰਖਿਆ। 67 ਸਾਲ ਦੇ ਸਵਾਲੇ ‘ਤੇ 14 ਦੋਸ਼ ਲਗਾਏ ਗਏ ਸਨ।