ਮੈਲਬਰਨ : ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਲੋਕਾਂ ’ਤੇ ਚਾਕੂ ਨਾਲ ਵਾਰ ਕਰ ਕੇ 6 ਜਣਿਆਂ ਦਾ ਕਤਲ ਕਰਨ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਜੋਏਲ ਕਾਊਚੀ ਦੇ ਫ਼ੋਨ ਦੀ ਪੁਲਿਸ ਵੱਲੋਂ ਕੀਤੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਸ ਨੇ ਹਮਲੇ ਤੋਂ ਪਹਿਲਾਂ ਗੂਗਲ ’ਤੇ ‘ਕਿਵੇਂ ਮਾਰਨ ਹੈ’ (how to kill) ਅਤੇ ਚਾਕੂਆਂ ਬਾਰੇ ਸਰਚ ਕੀਤੀ ਸੀ। ਅਧਿਕਾਰੀਆਂ ਨੂੰ ਹਮਲਾਵਰ ਨਾਲ ਸਬੰਧਤ “ਪਰੇਸ਼ਾਨ ਕਰਨ ਵਾਲੇ” ਨੋਟ ਅਤੇ ਡਰਾਇੰਗ ਵੀ ਮਿਲੇ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਹਮਲਾਵਰ ਨੂੰ ਸਿਡਨੀ ਦੇ ਹੋਰ ਵੈਸਟਫੀਲਡਾਂ ਸ਼ਾਪਿੰਗ ਸੈਂਟਰਾਂ ਵਿੱਚ ਵੀ ਦੇਖਿਆ ਗਿਆ ਸੀ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਵੈਸ ਹੀ ਘੁੰਮ-ਫਿਰ ਰਿਹਾ ਸੀ ਜਾਂ ਹਮਲੇ ਲਈ ਹੋਰ ਢੁਕਵੀਆਂ ਥਾਵਾਂ ਦੀ ਭਾਲ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਹਾਲ ਹੀ ਦੇ ਹਫਤਿਆਂ ‘ਚ ਸਿਡਨੀ ਦੇ ਪੱਛਮੀ ਸਬਅਰਬ ਪੇਨਰਿਥ ਦੇ ਵੈਸਟਫੀਲਡ ਅਤੇ ਪਰਾਮਾਟਾ ਦੇ ਵੈਸਟਫੀਲਡ ‘ਚ ਦੇਖਿਆ ਗਿਆ।
ਬਹੁਤ ਸਾਰੇ ਪੀੜਤਾਂ ’ਤੇ ਪਿੱਛਿਉਂ ਕੀਤਾ ਵਾਰ
ਹਮਲੇ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਬਹੁਤ ਸਾਰੇ ਪੀੜਤਾਂ ’ਤੇ ਕਾਊਚੀ ਨੇ ਪਿੱਛੇ ਤੋਂ ਵਾਰ ਕੀਤਾ ਸੀ, ਅਤੇ ਇਸ ਦੌਰਾਨ ਉਸ ਨੇ ਕਥਿਤ ਤੌਰ ‘ਤੇ ਇਕ ਸ਼ਬਦ ਵੀ ਨਹੀਂ ਬੋਲਿਆ। ਇੱਕ ਅਖ਼ਬਾਰ ਦੇ ਕਰਾਈਮ ਐਡੀਟਰ ਅਨੁਸਾਰ, ‘‘ਇਹ ਇਸ ਹਮਲੇ ਨੂੰ ਹੋਰ ਵੀ ਡਰਾਉਣਾ ਬਣਾ ਦਿੰਦਾ ਹੈ ਕਿ ਉਹ ਬਿਲਕੁਲ ਚੁਪਚਾਪ ਹਮਲੇ ਨੂੰ ਅੰਜਾਮ ਦਿੰਦਾ ਰਿਹਾ।’’
ਪੁਲਿਸ ਨੇ ਕਿਹਾ ਕਿ ਜਾਂਚ ਦੀ ਇੱਕ ਸਪੱਸ਼ਟ ਲਾਈਨ ਹੈ ਜਿਸ ਵਿੱਚ ਜੋਏਲ ਕਾਊਚੀ ਦੇ ਜ਼ਿਆਦਾਤਰ ਪੀੜਤ ਔਰਤਾਂ ਹਨ। ਪੁਲਿਸ ਨੇ ਉਮੀਦ ਪ੍ਰਗਟਾਈ ਕਿ ਲੋਕ ਕਦੇ ਵੀ ਮਾਲ ਅੰਦਰਲੀ ਉਸ ‘ਭਿਆਨਕ’ CCTV ਫੁਟੇਜ ਨੂੰ ਨਹੀਂ ਵੇਖਣਗੇ ਜਿਸ ’ਚ ਕਤਲ ਹੁੰਦੇ ਰਿਕਾਰਡ ਹੋ ਗਏ ਹਨ। ਸੋਸ਼ਲ ਮੀਡੀਆ ਸ਼ਾਪਿੰਗ ਸੈਂਟਰ ਦੇ ਅੰਦਰ ਹਫੜਾ-ਦਫੜੀ ਦੌਰਾਨ ਖਰੀਦਦਾਰਾਂ ਵੱਲੋਂ ਰਿਕਾਰਡ ਕੀਤੀਆਂ ਗਈਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ ਪਰ ਵੈਸਟਫੀਲਡ CCTV ਫੁਟੇਜ ਕੁਝ ਅਜਿਹਾ ਹੈ ਜਿਸ ਬਾਰੇ ਪੁਲਿਸ ਨੂੰ ਉਮੀਦ ਹੈ ਕਿ ਇਹ “ਕਦੇ ਜਨਤਕ ਨਹੀਂ ਹੋਵੇਗੀ” ਕਿਉਂਕਿ ਇਹ ਬਹੁਤ “ਭਿਆਨਕ” ਹੈ।
ਬੋਦਾ ਨੇ ਕਿਹਾ, “ਵੈਸਟਫੀਲਡ ਦੇ ਅੰਦਰੋਂ ਅਸਲ ਸੀਸੀਟੀਵੀ ਬਿਲਕੁਲ ਡਰਾਉਣਾ ਹੈ, ਇਹ ਇੰਨਾ ਭਿਆਨਕ ਹੈ ਕਿ ਮੇਰੀ ਸਮਝ ਇਹ ਹੈ ਕਿ ਪੁਲਿਸ ਸੱਚਮੁੱਚ ਉਮੀਦ ਕਰ ਰਹੀ ਹੈ ਕਿ ਉਹ ਕਦੇ ਵੀ ਜਨਤਾ ਵਿੱਚ ਦਿਨ ਦੀ ਰੌਸ਼ਨੀ ਨਹੀਂ ਵੇਖੇਗੀ। ਕਾਊਚੀ ਨੇ ਛੇ ਲੋਕਾਂ ਦੀ ਜਾਨ ਲੈ ਲਈ, ਜਦੋਂ ਕਿ ਨੌਂ ਸਾਲਾ ਦੀ ਇੱਕ ਬੱਚੀ ਸਮੇਤ ਕਈ ਜ਼ਖ਼ਮੀ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ।
ਗਰਲਫ਼ਰੈਂਡ ਨਾ ਹੋਣ ਕਾਰਨ ਗੁੱਸੇ ’ਚ ਸੀ ਜੋਏਲ
ਜੋਏਲ ਕਾਊਚੀ ਦੇ ਪਿਤਾ ਐਂਡਰਿਊ ਕਾਊਚੀ (76) ਨੇ ਕਿਹਾ ਕਿ ਉਨ੍ਹਾਂ ਨੂੰ ਪੀੜਤਾਂ ਤੋਂ ਬਹੁਤ ਅਫਸੋਸ ਹੈ ਅਤੇ ਉਨ੍ਹਾਂ ਦਾ ਬੇਟਾ ਮਾਨਸਿਕਤ ਤੌਰ ’ਤੇ ਬਹੁਤ ਬਿਮਾਰ ਅਤੇ ਨਿਰਾਸ਼ ਸੀ। ਉਨ੍ਹਾਂ ਕਿਹਾ, ‘‘ਉਹ ਮੇਰਾ ਪੁੱਤਰ ਸੀ। ਮੈਂ ਇੱਕ ਰਾਖਸ਼ ਨੂੰ ਪਿਆਰ ਕਰ ਰਿਹਾ ਹਾਂ – ਤੁਹਾਡੇ ਲਈ, ਉਹ ਇੱਕ ਰਾਖਸ਼ ਹੈ ਪਰ ਮੇਰੇ ਲਈ, ਉਹ ਬਹੁਤ ਬਿਮਾਰ ਮੁੰਡਾ ਸੀ। ਉਹ ਇਕ ਗਰਲਫ਼ਰੈਂਡ ਚਾਹੁੰਦਾ ਸੀ ਅਤੇ ਪਰ ਉਸ ਕੋਲ ਅਜਿਹਾ ਕਰਨ ਲਈ ਕੋਈ ਸਮਾਜਿਕ ਹੁਨਰ ਨਹੀਂ ਸੀ ਜਿਸ ਕਾਰਨ ਖ਼ੁਦ ਤੋਂ ਨਿਰਾਸ਼ ਸੀ।’’
ਐਂਡਰਿਊ ਨੇ ਕਿਹਾ ਕਿ ਉਸ ਦੇ ਬੇਟੇ ਨੂੰ 17 ਸਾਲ ਦੀ ਉਮਰ ਵਿਚ ਸਿਜ਼ੋਫ੍ਰੇਨੀਆ ਹੋਣ ਦੀ ਪਛਾਣ ਕੀਤੀ ਗਈ ਸੀ। ਪਰ ਬਾਅਦ ’ਚ ਉਸਨੇ ਆਪਣੀ ਦਵਾਈ ਖਾਣੀ ਬੰਦ ਕਰ ਦਿੱਤੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਹੁਣ ਉਹ ਠੀਕ ਹੋ ਗਿਆ ਹੈ। ਉਸ ਨੇ ਕਿਹਾ, “ਜਦੋਂ ਮੈਨੂੰ ਪਤਾ ਲੱਗਾ ਕਿ ਉਸ ਨੂੰ ਮਾਨਸਿਕ ਬਿਮਾਰੀ ਹੈ ਤਾਂ ਮੈਂ ਆਪਣੇ ਆਪ ਨੂੰ ਆਪਣੇ ਬੇਟੇ ਦਾ ਨੌਕਰ ਬਣਾ ਲਿਆ, ਮੈਂ ਉਸ ਦਾ ਨੌਕਰ ਬਣ ਗਿਆ ਕਿਉਂਕਿ ਮੈਂ ਉਸ ਮੁੰਡੇ ਨੂੰ ਪਿਆਰ ਕਰਦਾ ਸੀ। ਪਰ ਉਸ ਨੇ ਆਪਣੇ ਆਪ ਨਾਲ ਦੁਸ਼ਮਣੀ ਕੀਤੀ ਕਿ ਦਵਾਈ ਖਾਣੀ ਬੰਦ ਕਰ ਦਿੱਤੀ। ਉਸ ਨੂੰ ਲੱਗਾ ਕਿ ਉਹ ਬਹੁਤ ਵਧੀਆ ਹੈ ਅਤੇ ਫਿਰ ਉਹ ਬ੍ਰਿਸਬੇਨ ਲਈ ਰਵਾਨਾ ਹੋ ਗਿਆ।’’