ਆਸਟ੍ਰੇਲੀਆ ’ਚ ਫ਼ਲੂ ਦੇ ਮਾਮਲੇ ਪਿਛਲੇ ਸਾਲ ਨਾਲੋਂ ਦੁੱਗਣੇ ਹੋਏ, ਫਾਰਮੇਸੀ ਗਿਲਡ ਕਰ ਰਿਹੈ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ

ਮੈਲਬਰਨ : ਆਸਟ੍ਰੇਲੀਆ ਦੇ ਫਾਰਮੇਸੀ ਗਿਲਡ ਨੇ ਦੇਸ਼ ਵਿੱਚ ਫਲੂ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਯੋਗ ਆਸਟ੍ਰੇਲੀਆਈ ਲੋਕਾਂ ਨੂੰ ਫਲੂ ਵੈਕਸੀਨ ਜਲਦੀ ਲਗਵਾਉਣ ਦੀ ਅਪੀਲ ਕੀਤੀ ਹੈ। ਨੈਸ਼ਨਲ ਨੋਟੀਫਾਈਡ ਡਿਸੀਜ਼ ਸਰਵਿਲੈਂਸ ਸਿਸਟਮ (NNDSS) ਨੇ 2024 ਦੀ ਪਹਿਲੀ ਤਿਮਾਹੀ ‘ਚ ਇਨਫਲੂਐਂਜ਼ਾ ਦੇ 26,836 ਮਾਮਲੇ ਦਰਜ ਕੀਤੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੁੱਗਣੇ ਹਨ। ਆਸਟਰੇਲੀਆਈ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਸਟੀਵ ਰੌਬਸਨ ਅਨੁਸਾਰ ਫਲੂ ਦਾ ਮੌਸਮ ਆਮ ਤੌਰ ‘ਤੇ ਮਈ ਤੋਂ ਅਕਤੂਬਰ ਤੱਕ ਚਲਦਾ ਹੈ, ਪਰ ਇਸ ਸਾਲ ਇਹ ਥੋੜ੍ਹਾ ਛੇਤੀ ਸ਼ੁਰੂ ਹੋ ਗਿਆ। ਟੀਕਾਕਰਨ ‘ਤੇ ਆਸਟ੍ਰੇਲੀਅਨ ਤਕਨੀਕੀ ਸਲਾਹਕਾਰ ਸਮੂਹ (ATAGI) ਨੇ ਸਿਫਾਰਸ਼ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ 2023 ਦੇ ਅਖੀਰ ਵਿੱਚ ਫਲੂ ਦਾ ਟੀਕਾ ਲਗਵਾਇਆ ਸੀ, ਉਨ੍ਹਾਂ ਨੂੰ ਫਿਰ ਵੀ 2024 ਲਈ ਟੀਕਾ ਲਗਵਾਉਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਵਾਸਤੇ ਜਾਂ ਵੈਕਸੀਨ ਅਪਾਇੰਟਮੈਂਟ ਬੁੱਕ ਕਰਨ ਲਈ ਆਪਣੇ ਕਮਿਊਨਿਟੀ ਫਾਰਮਾਸਿਸਟ ਨਾਲ ਗੱਲ ਕਰੋ ਜਾਂ findapharmacy.com.au ’ਤੇ ਜਾਓ।

Leave a Comment