ਮੈਲਬਰਨ: ਨਿਊਜ਼ੀਲੈਂਡ ਦੀ ਇਮੀਗਰੇਸ਼ਨ ਮੰਤਰੀ ਐਰਿਕਾ ਸਟੈਨਫ਼ਰਡ ਨੇ ਸੰਕੇਤ ਦਿੱਤਾ ਹੈ ਕਿ ਉਹ ਫ਼ੈਮਿਲੀ ਵੀਜ਼ਾ ਦੀਆਂ ਸ਼ਰਤਾਂ ’ਚ ਤਬਦੀਲੀਆਂ ਕਰਨ ਜਾ ਰਹੇ ਹਨ। ਤਬਦੀਲੀਆਂ ਅਧੀਨ ਨਿਊਜ਼ੀਲੈਂਡ ’ਚ ਵਸੇ ਲੋਕਾਂ ਦੇ ਵਿਦੇਸ਼ਾਂ ’ਚ ਰਹਿ ਰਹੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਲੰਬੇ ਸਮੇਂ ਨਿਊਜ਼ੀਲੈਂਡ ’ਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਵੇਲੇ ਪੇਰੈਂਟਸ ਤਿੰਨ ਸਾਲਾਂ ’ਚ 18 ਮਹੀਨਿਆਂ ਤਕ ਨਿਊਜ਼ੀਲੈਂਡ ’ਚ ਆਪਣੇ ਬੱਚਿਆਂ ਨਾਲ ਰਹਿ ਸਕਦੇ ਹਨ। ਇਸ ਸਮੇਂ ਨੂੰ ਵਧਾ ਕੇ ਪੰਜ ਸਾਲ ਕੀਤਾ ਜਾ ਸਕਦਾ ਹੈ। ਵਿਦੇਸ਼ਾਂ ’ਚ ਜਾ ਕੇ ਵਿਆਹ ਕਰਵਾਉਣ ਬਾਰੇ ਪਾਰਟਨਰਸ਼ਿਪ ਵੀਜ਼ਾ ਨੀਤੀ ਵਿੱਚ ਤਬਦੀਲੀਆਂ ਦੀ ਲੋੜ ਦਾ ਵੀ ਸੰਕੇਤ ਦਿੱਤਾ। ਹਾਲਾਂਕਿ, ਇਹ ਤਬਦੀਲੀ ਇਸ ਸੰਸਦੀ ਕਾਰਜਕਾਲ ਵਿੱਚ ਨਹੀਂ ਹੋ ਸਕਦੀ, ਕਿਉਂਕਿ ਐਕਰੇਡੀਟਡ ਇੰਪਲੋਏਅਰ ਵਰਕ ਵੀਜ਼ਾ ਨੂੰ ਤਰਜੀਹ ਦਿੱਤੀ ਜਾਵੇਗੀ। ਨੈਸ਼ਨਲ ਅਤੇ ACT ਦੋਵਾਂ ਪਾਰਟੀਆਂ ਨੇ ਪਿਛਲੀਆਂ ਚੋਣਾਂ ਵਿੱਚ ਵਿਦੇਸ਼ਾਂ ਵਿੱਚ ਪੈਦਾ ਹੋਏ ਪਰਮਾਨੈਂਟ ਰੈਜ਼ੀਡੈਂਟਸ ਅਤੇ ਸਿਟੀਜਨਸ ਦੇ ਮਾਪਿਆਂ ਲਈ ਅਸਥਾਈ, ਪੰਜ ਸਾਲ ਤਕ ਦੀ ਲੰਬੀ ਮਿਆਦ ਦੇ ਵੀਜ਼ਾ ਦੇਣ ਦਾ ਵਾਅਦਾ ਕੀਤਾ ਸੀ।