‘ਪੀਜ਼ਾ ’ਚ ਕਿੰਝ ਪੈ ਗਏ ਲੋਹੇ ਦੇ ਪੇਚ’, ਰਹੱਸਮਈ ਸ਼ਿਕਾਇਤ ਮਗਰੋਂ ਭਾਰਤੀ ਮੂਲ ਦੇ ਪੀਜ਼ਾ ਹਾਊਸ ਮਾਲਕ ਹੈਰਾਨ-ਪ੍ਰੇਸ਼ਾਨ

ਮੈਲਬਰਨ: ਐਡੀਲੇਡ ’ਚ ਪੀਜ਼ਾ ਆਰਡਰ ਕਰਨ ਵਾਲੇ ਇੱਕ ਗਾਹਕ ਦੀ ਹੈਰਾਨਗੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਨੂੰ ਆਪਣੇ ਹੈਮ-ਐਂਡ-ਪਾਈਨੈਪਲ ਪੀਜ਼ਾ ‘ਤੇ ਦੋ ਵੱਡੇ ਪੇਚ ਮਿਲੇ। ਉਸ ਨੇ ਸ਼ੁੱਕਰਵਾਰ ਰਾਤ ਨੂੰ ਕੋਵਾਂਡੀਲਾ ਦੇ ਬ੍ਰੈਡਮੈਨ ਪੀਜ਼ਾ ਹਾਊਸ ਵਿਚ ਆਰਡਰ ਕੀਤਾ ਸੀ। ਪੀਜ਼ਾ ਹਾਊਸ ਦੇ ਭਾਰਤੀ ਮੂਲ ਦੇ ਦੋ ਮਾਲਕਾਂ ਅਨੁਸਾਰ ਗ੍ਰਾਹਕ ਵੱਲੋਂ ਸ਼ਿਕਾਇਤ ਮਿਲਣ ’ਤੇ ਉਹ ਵੀ ਹੈਰਾਨ ਅਤੇ ਪ੍ਰੇਸ਼ਾਨ ਹਨ। ਅਮਨ ਸਿੱਧੂ ਅਤੇ ਵਿਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਾਹਕ ਨੂੰ ਤੁਰੰਤ ਇੱਕ ਨਵਾਂ ਪੀਜ਼ਾ ਭੇਜ ਦਿੱਤਾ ਅਤੇ ਦੋ ਪੇਚਾਂ ਵਾਲਾ ਪੀਜ਼ਾ ਵਾਪਸ ਮੰਗਵਾ ਲਿਆ।

ਅਮਨ ਸਿੱਧੂ ਨੇ ਕਿਹਾ, ‘‘ਰਹੱਸ ਤੋਂ ਪਰਦਾ ਚੁੱਕਣ ਲਈ ਅਸੀਂ CCTV ਫੁਟੇਜ ਦੀ ਜਾਂਚ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਤਰਫੋਂ ਕੋਈ ਸਮੱਸਿਆ ਨਹੀਂ ਹੈ।’’ ਮਾਲਕ ਨੇ ਦਾਅਵਾ ਕੀਤਾ ਕਿ ਇਹ ਉਬੇਰ ਈਟਰ ਦਾ ਡਰਾਈਵਰ ਹੋ ਸਕਦਾ ਹੈ ਜਿਸ ਨਾਲ ਆਰਡਰ ਚੁੱਕਣ ਵੇਲੇ ਮਾਮੂਲੀ ਬਹਿਸ ਹੋ ਗਈ ਸੀ। ਵਿਸ਼ ਤਿਵਾਰੀ ਨੇ ਉਬੇਰ ਈਟਸ ਦੇ ਡਰਾਈਵਰ ’ਤੇ ਦੋਸ਼ ਲਾਉਂਦਿਆਂ ਕਿਹਾ, ‘‘ਕੋਈ ਬੱਚਾ ਜੇਕਰ ਇਸ ਨੂੰ ਖਾਂਦਾ ਤਾਂ ਪੇਚ ਉਸ ਦੇ ਗਲੇ ਵਿੱਚ ਫਸ ਸਕਦਾ ਸੀ, ਉਹ ਕਿਸੇ ਨੂੰ ਮਾਰ ਸਕਦਾ ਹੈ। ਜਾਂ ਹੋ ਸਕਦਾ ਹੈ ਕਿਸੇ ਦੇ ਦੰਦਾਂ ਨੂੰ ਨੁਕਸਾਨ ਪਹੁੰਚਦਾ। ਉਨ੍ਹਾਂ ਦਾ ਵੱਡਾ ਖ਼ਰਚ ਹੋ ਜਾਂਦਾ।’’

ਬ੍ਰੈਡਮੈਨ ਪਿਜ਼ਾ ਹਾਊਸ ਨੇ ਉਬਰ ਨੂੰ ਸ਼ਿਕਾਇਤ ਕੀਤੀ ਹੈ ਅਤੇ ਸਬੂਤ ਵਜੋਂ ਪੇਚਾਂ ਵਾਲਾ ਪੀਜ਼ਾ ਫ੍ਰੀਜ਼ ਕਰ ਦਿੱਤਾ ਹੈ। ਉਬਰ ਨੇ ਕਿਹਾ ਕਿ ਉਹ ਆਰਡਰਾਂ ਨਾਲ ਛੇੜਛਾੜ ਦੀਆਂ ਰਿਪੋਰਟਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਦੋਸ਼ੀ ਪਾਇਆ ਗਿਆ ਕੋਈ ਵੀ ਵਿਅਕਤੀ ਉਸ ਦੀ ਐਪ ਤੋਂ ਹਮੇਸ਼ਾ ਲਈ ਪਾਬੰਦੀਸ਼ੁਦਾ ਕਰ ਦਿੱਤਾ ਜਾਂਦਾ ਹੈ।

Leave a Comment