ਮੰਤਰੀ ਬਾਰੇ ਝੂਠੇ ਦਾਅਵੇ ਕਰਨ ਵਾਲਾ ਪੰਜਾਬੀ ਜਾਂਚ ਦੇ ਘੇਰੇ ’ਚ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਸਟ੍ਰੇਲੀਆ ਦੇ ਨੈਸ਼ਨਲ ਡਿਸਐਬਿਲਿਟੀ ਇੰਸ਼ੋਰੈਂਸ ਸਕੀਮ (NDIS) ਬਾਰੇ ਮੰਤਰੀ ਬਿਲ ਸ਼ਾਰਟਨ ਨੂੰ ਲੈ ਕੇ ਝੂਠੇ ਦਾਅਵੇ ਕਰਨ ਵਾਲੇ ਇੱਕ ਪੰਜਾਬੀ ਮੂਲ ਦੇ ਵਿਅਕਤੀ ਦਾ ਮਸਲਾ ਅੱਜ ਆਸਟ੍ਰੇਲੀਆ ਦੀ ਸੰਸਦ ’ਚ ਉੱਠਿਆ। ਦਵਿੰਦਰ ਸਿੰਘ ਪਰਥ ’ਚ ਰਹਿਣ ਵਾਲਾ ਇੱਕ ਕਾਰੋਬਾਰੀ ਹੈ ਜੋ ਇਹ ਝੂਠਾ ਦਾਅਵਾ ਕਰਨ ਲਈ ਜਾਂਚ ਦੇ ਘੇਰੇ ਵਿੱਚ ਹੈ ਕਿ ਡਿਸਐਬਿਲਿਟੀ ਮੰਤਰੀ ਸੰਸਦ ਵਿੱਚ ਇੱਕ ਸ਼ਾਨਦਾਰ ਸਮਾਗਮ ’ਚ ਸ਼ਿਰਕਤ ਕਰਨ ਜਾ ਰਹੇ ਹਨ। ਹਾਲਾਂਕਿ ਮੰਤਰੀ ਵਾਰ-ਵਾਰ ਇਸ ਤੋਂ ਇਨਕਾਰ ਕਰ ਚੁੱਕੇ ਸਨ। ਇਸ ਬਾਰੇ ਬਿਲ ਸ਼ਾਰਟਨ ਨੇ ਇੱਕ ਡਿਸਐਬਿਲਿਟੀ ਪ੍ਰੋਵਾਈਡਰ ਦੀ ਜਾਂਚ ਕਰਨ ਦਾ ਵੀ ਵਾਅਦਾ ਕੀਤਾ ਹੈ। ਇਸ ਡਿਸਐਬਿਲਿਟੀ ਪ੍ਰੋਵਾਈਡਰ ’ਤੇ ਇਹ ਝੂਠਾ ਦਾਅਵਾ ਕਰਨ ਦਾ ਦੋਸ਼ ਹੈ ਕਿ NDIS ਅੰਸ਼ਕ ਤੌਰ ‘ਤੇ 1980 ਦੇ ਦਹਾਕੇ ਦੀ ਥੀਮ ਵਾਲੇ, ਤਿੰਨ-ਰਾਤ ਦੇ ਕਰੂਜ਼ ਲਈ ਫੰਡ ਦੇਵੇਗੀ। ਇਹ ਪ੍ਰੋਵਾਈਡਰ ਪੰਜਾਬੀ ਮੂਲ ਦੇ ਦਵਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ।

ਸ਼ਾਰਟਨ ਨੇ ‘ਹਾਊਸ ਆਫ਼ ਰੀਪ੍ਰੈਜ਼ੈਂਟੇਟਿਵਸ’ ਦੇ ਸਪੀਕਰ ਮਿਲਟਨ ਡਿਕ ਨੂੰ ਦਵਿੰਦਰ ਸਿੰਘ ਵੱਲੋਂ ਕਰਵਾਏ ਪ੍ਰੋਗਰਾਮ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ, ਜਿਸ ਵਿੱਚ 510 NDIS ਪ੍ਰੋਵਾਈਡਰਾਂ, ਵਕੀਲਾਂ ਅਤੇ ਭਾਗੀਦਾਰਾਂ ਨੇ ਹਿੱਸਾ ਲਿਆ ਸੀ। ਹਾਜ਼ਰੀਨ ਇਹ ਜਾਣ ਕੇ ਪ੍ਰੇਸ਼ਾਨ ਸਨ ਕਿ ਮੁੱਖ ਬੁਲਾਰੇ ਵਜੋਂ ਇਸ਼ਤਿਹਾਰ ਦਿੱਤੇ ਜਾਣ ਦੇ ਬਾਵਜੂਦ ਮੰਤਰੀ ਹਾਜ਼ਰ ਨਹੀਂ ਹੋ ਰਹੇ ਸਨ। ਦਵਿੰਦਰ ਸਿੰਘ ਪਰਥ ਸਥਿਤ NDIS ਪ੍ਰੋਵਾਈਡਰ 4lifeskills ਨਾਲ ਵੀ ਜੁੜਿਆ ਹੋਇਆ ਹੈ। ਉਹ ਹਾਲ ਹੀ ਵਿੱਚ ਇਸ ਦੇ ਚੇਅਰਪਰਸਨ ਵਜੋਂ ਸੂਚੀਬੱਧ ਸੀ, ਪਰ ਬਾਅਦ ਵਿੱਚ ਉਸ ਦਾ ਨਾਮ ਹਟਾ ਦਿੱਤਾ ਗਿਆ ਹੈ।

‘9News’ ਵੱਲੋਂ ਪੇਸ਼ ਇੱਕ ਰਿਪੋਰਟ ਅਨੁਸਾਰ 4lifeskills NDIS ਭਾਗੀਦਾਰਾਂ ਲਈ 1980 ਦੇ ਦਹਾਕੇ ਦੀ ਥੀਮ ਵਾਲਾ ਕਰੂਜ਼ ਚਲਾ ਰਿਹਾ ਹੈ, ਜਿਸ ਬਾਰੇ ਸੂਚਿਤ ਕੀਤਾ ਗਿਆ ਹੈ ਕਿ NDIS ਇਸ ਕਰੂਜ਼ ਦੇ ਖ਼ਰਚੇ ਕਰਨ ’ਚ ਮਦਦ ਕਰੇਗਾ। ਸ਼ਾਰਟਨ ਨੇ ਚਿੰਤਾ ਜ਼ਾਹਰ ਕੀਤੀ ਕਿ ਇਹ ਪ੍ਰਮੋਸ਼ਨ ਪ੍ਰਭਾਵ ਦੇ ਸਕਦੀ ਹੈ ਕਿ NDIS ਕਰੂਜ਼ ਲਈ ਭੁਗਤਾਨ ਕਰਦਾ ਹੈ। 4lifeskills ਦੀ CEO ਜੋਹਾਨਾ ਕੁੱਕ ਨੇ ਕਿਹਾ ਕਿ ਪ੍ਰੋਵਾਈਡਰ ਵੱਲੋਂ ਚਲਾਏ ਜਾ ਰਹੇ ਸਾਰੇ ਪ੍ਰੋਗਰਾਮ ਰਾਸ਼ਟਰੀ ਅਪੰਗਤਾ ਬੀਮਾ ਏਜੰਸੀ ਦੇ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਦੇ ਹਨ। ਜਦਕਿ ਦਵਿੰਦਰ ਸਿੰਘ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Leave a Comment