ਆਸਟ੍ਰੇਲੀਆ ਵਿਚ ਸੁੰਗੜਦਾ ਜਾ ਰਿਹੈ ਈਸਾਈ ਧਰਮ, ਸਿੱਖਾਂ ਦੀ ਗਿਣਤੀ ਤਿੰਨ ਗੁਣਾ ਵਧੀ

ਮੈਲਬਰਨ: ਆਸਟ੍ਰੇਲੀਆ ਵਿਚ ਈਸਾਈ ਧਰਮ ਸਭ ਤੋਂ ਆਮ ਧਰਮ ਹੋਣ ਦੇ ਬਾਵਜੂਦ, 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ 1980 ਦੇ ਦਹਾਕੇ ਤੋਂ ਧਾਰਮਿਕ ਪਛਾਣ ਵਿਚ ਲਗਾਤਾਰ ਗਿਰਾਵਟ ਦਾ ਖੁਲਾਸਾ ਕੀਤਾ। ਸਮੇਂ ਦੇ ਨਾਲ ਚਰਚ ਦੀ ਹਾਜ਼ਰੀ ਘੱਟ ਗਈ ਹੈ, ਅਤੇ ਧਿਆਨ ਧਰਮ ਤੋਂ ਅਧਿਆਤਮਿਕਤਾ ਵੱਲ ਤਬਦੀਲ ਹੋ ਗਿਆ ਹੈ। ਲੋਕ ਜੀਵਨ ਵਿੱਚ ਅਰਥ ਲੱਭ ਰਹੇ ਹਨ। ਆਸਟ੍ਰੇਲੀਆ ’ਚ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 43.9 ਫ਼ੀਸਦੀ ਹੈ ਜਦਕਿ 38.1 ਫ਼ੀਸਦੀ ਲੋਕ ਅਜਿਹੇ ਹਨ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ। 7.2 ਫ਼ੀਸਦੀ ਲੋਕਾਂ ਨੇ ਆਪਣੇ ਧਰਮ ਬਾਰੇ ਕੋਈ ਜਵਾਬ ਨਹੀਂ ਦਿੱਤਾ।

ਜਿੱਥੇ ਆਸਟ੍ਰੇਲੀਆ ਅੰਦਰ ਕੁਝ ਧਰਮਾਂ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ, ਇਸਲਾਮ (3.2%), ਹਿੰਦੂ ਧਰਮ (2.7%), ਬੁੱਧ ਧਰਮ (2.4 ਫ਼ੀਸਦੀ) ਅਤੇ ਸਿੱਖ (0.8 ਫ਼ੀਸਦੀ) ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਖਾਸ ਤੌਰ ‘ਤੇ ਸਿੱਖ ਧਰਮ 2011 ਤੋਂ ਲਗਭਗ ਤਿੰਨ ਗੁਣਾ ਵੱਧ ਗਿਆ ਹੈ, ਰੇਨਮਾਰਕ ਦੇ ਸਥਾਨਕ ਸਿੱਖ ਗੁਰਦੁਆਰੇ ਵਿੱਚ ਸੰਗਤ ਵਿੱਚ ਵੱਡਾ ਵਾਧਾ ਵੇਖਿਆ ਗਿਆ ਹੈ, ਜੋ ਖਾਸ ਕਰ ਕੇ ਭਾਰਤ ਤੋਂ ਕੰਮ ਲਈ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਕਾਰਨ ਹੈ। ਨਿਊਕੈਸਲ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਟਿਮੋਥੀ ਸਟੈਨਲੀ ਨੇ ਆਸਟਰੇਲੀਆ ਦੇ ਬਦਲਦੇ ਧਾਰਮਿਕ ਦ੍ਰਿਸ਼ ਨੂੰ ਵਧਦੇ ਪ੍ਰਵਾਸ ਦਾ ਕਾਰਨ ਦੱਸਿਆ ਹੈ।

Leave a Comment