ਆਸਟ੍ਰੇਲੀਆ ’ਚ ਕਾਮਯਾਬ ਸਿੱਖ ਔਰਤਾਂ ਬਾਰੇ ਵਿਸ਼ੇਸ਼ ਪਹਿਲਕਦਮੀ, 36ਵੀਆਂ ਸਿੱਖ ਖੇਡਾਂ ਮੌਕੇ ਹੋਵੇਗਾ ਵਿਸ਼ੇਸ਼ ਲੀਡਰਸ਼ਿਪ ਸੈਸ਼ਨ

ਮੈਲਬਰਨ: 36ਵੀਆਂ ਸਿੱਖ ਖੇਡਾਂ 29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ ਹਨ, ਜਿਸ ਵਿੱਚ ਨਾ ਸਿਰਫ ਆਸਟ੍ਰੇਲੀਆ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਲੋਕਾਂ ਦੇ ਆਉਣ ਅਤੇ ਆਸਟ੍ਰੇਲੀਆ ’ਚ ਵਸਦੇ ਸਿੱਖਾਂ ਦੇ ਸਭ ਤੋਂ ਵੱਡੇ ਖੇਡ ਅਤੇ ਸੱਭਿਆਚਾਰਕ ਸਮਾਗਮਾਂ ਵਿੱਚੋਂ ਇੱਕ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਇਸ ਸਾਲ ਇਨ੍ਹਾਂ ਖੇਡਾਂ ’ਚ ਸਿੱਖ ਔਰਤਾਂ ਬਾਰੇ ਵੀ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਸਿੱਖ ਖੇਡਾਂ ਦੀ ‘ਮਹਿਲਾ ਮੁਖੀ’ ਈਸ਼ਾ ਨਾਗਰਾ ਨੇ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੀਆਂ ਖੇਡਾਂ ’ਚ ਮਹਿਲਾ ਲੀਡਰਸ਼ਿਪ ਸੈਸ਼ਨ ਦਾ ਉਦਘਾਟਨ ਹੋਵੇਗਾ। ਸਿੱਖ ਖੇਡਾਂ ਤੋਂ ਇਕ ਦਿਨ ਪਹਿਲਾਂ 28 ਮਾਰਚ ਨੂੰ ਹੋਣ ਜਾ ਰਿਹਾ ਇਹ ਲੀਡਰਸ਼ਿਪ ਫੋਰਮ ਪੰਜਾਬੀ ਭਾਈਚਾਰੇ ਦੀਆਂ ਕੁਝ ਬਹੁਤ ਹੀ ਸਫਲ ਔਰਤਾਂ ਨੂੰ ਮਿਲਣ ਅਤੇ ਉਨ੍ਹਾਂ ਤੋਂ ਸੇਧ ਲੈਣ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ, ‘‘ਵਿਗਿਆਨੀਆਂ ਤੋਂ ਲੈ ਕੇ ਭਾਈਚਾਰੇ ਦੀਆਂ ਪ੍ਰਭਾਵਸ਼ਾਲੀ ਨੇਤਾਵਾਂ ਹੋਣ ਤੱਕ, ਇਹ ਔਰਤਾਂ ਆਪਣੀ ਜਿੱਤ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਇਕੱਠੀਆਂ ਹੋਣਗੀਆਂ, ਜੋ ਖੁਸ਼ਹਾਲ ਪੰਜਾਬੀ ਭਾਈਚਾਰੇ ਦੇ ਅਣਗਿਣਤ ਲੋਕਾਂ ਨੂੰ ਸਫਲਤਾ ਦੇ ਆਪਣੇ ਰਸਤੇ ਬਣਾਉਣ ਲਈ ਪ੍ਰੇਰਿਤ ਕਰਨਗੀਆਂ।’’ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਫੋਰਮ ਵਿੱਚ ਸ਼ਾਮਲ ਹੋਣ ਅਤੇ ਆਪਣੇ ਟੀਚਿਆਂ ਵੱਲ ਅਗਵਾਈ ਕਰਨ ਲਈ ਉਤਸ਼ਾਹਤ ਕਰਨ ਦੀ ਅਪੀਲ ਕੀਤੀ।

ਫ਼ੋਰਮ ਦੇ ਬੁਲਾਰਿਆਂ ’ਚ ਸਾਲਿਸਿਟਰ, ਅਦਾਕਾਰ ਅਤੇ ਪੋਡਕਾਸਟਰ ਸ਼ੈਰੋਨ ਜੌਹਲ, ਸਨਮਾਨਿਤ ਬਾਇਓਟੈਕਨੋਲੋਜਿਸਟ ਪਰਵਿੰਦਰ ਕੌਰ, ਪ੍ਰੋਗਰਾਮ ਮੈਨੇਜਰ, ਐਸ.ਬੀ.ਐਸ. ਮਨਪ੍ਰੀਤ ਸਿੰਘ, ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ, ਪੇਸ਼ੇਵਰ ਫੁੱਟਬਾਲਰ ਅਕੀਸ਼ਾ ਸੰਧੂ ਅਤੇ ਅਧਿਆਪਕ, ਸੱਭਿਆਚਾਰਕ ਅਤੇ ਔਰਤਾਂ ਦੇ ਅਧਿਕਾਰ ਕਾਰਕੁਨ ਅਮਰਜੋਤ ਗੁਰਾਇਆ ਸ਼ਾਮਲ ਹੋਣਗੇ। ਇਹ ਫੋਰਮ 28 ਮਾਰਚ (ਵੀਰਵਾਰ) ਨੂੰ ਸ਼ਾਮ 7:00 ਵਜੇ ਤੋਂ 8:30 ਵਜੇ ਤੱਕ ਐਡੀਲੇਡ ਕਾਮੇਟਸ ਫੰਕਸ਼ਨ ਰੂਮ, ਦਿ ਗ੍ਰੇਟ/ਲੋਨ ਗਮ, ਐਡੀਲੇਡ ਵਿਖੇ ਕੀਤਾ ਜਾਵੇਗਾ।

Leave a Comment