ਮੈਲਬਰਨ: ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਨੂੰ ਫੈਡਰਲ ਕੋਰਟ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਸੀਮਾ ਸ਼ੇਰਗਿੱਲ ਨੂੰ ਲਗਭਗ 1,00,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਹ ਪਿਛਲੇ ਹੁਕਮ ਤੋਂ ਇਲਾਵਾ ਹੈ ਜਿਸ ਵਿੱਚ ਉਸ ਨੂੰ ਕੈਨਬਰਾ ਵਿੱਚ ਆਪਣੀ ਰਿਹਾਇਸ਼ ‘ਤੇ ਪੂਰਾ ਕੀਤੇ ਕੰਮ ਲਈ ਲਗਭਗ 136,000 ਡਾਲਰ ਅਤੇ ਵਿਆਜ ਵਾਪਸ ਕਰਨ ਦੀ ਲੋੜ ਸੀ।
ਸੀਮਾ ਸ਼ੇਰਗਿੱਲ ਨੇ ਅਪ੍ਰੈਲ 2015 ਅਤੇ ਮਈ 2016 ਦੇ ਵਿਚਕਾਰ 13 ਮਹੀਨਿਆਂ ਦੀ ਮਿਆਦ ਵਿੱਚ ਹਫ਼ਤੇ ਦੇ ਸੱਤ ਦਿਨ 17.5 ਘੰਟੇ ਪ੍ਰਤੀ ਦਿਨ ਕੰਮ ਕੀਤਾ, ਅਤੇ ਉਸ ਨੂੰ ਉਸ ਦੇ ਕੰਮ ਲਈ ਸਿਰਫ਼ 3,400 ਡਾਲਰ ਦੇ ਲਗਭਗ ਤਨਖਾਹ ਦਿੱਤੀ ਗਈ। ਪੈਸੇ ਦਾ ਭੁਗਤਾਨ ਵੀ ਇੱਕ ਭਾਰਤੀ ਬੈਂਕ ਖਾਤੇ ਵਿੱਚ ਕੀਤਾ ਗਿਆ ਸੀ ਜਿਸ ਤੱਕ ਉਸ ਦੀ ਆਸਟ੍ਰੇਲੀਆ ਵਿੱਚ ਪਹੁੰਚ ਨਹੀਂ ਸੀ।
ਅਦਾਲਤ ਨੇ ਪਾਇਆ ਕਿ ਸੂਰੀ ਦਾ ਸਲੂਕ ਫੇਅਰ ਵਰਕ ਐਕਟ ਦੀ ਨੌਂ ਉਲੰਘਣਾਵਾਂ ਦੇ ਬਰਾਬਰ ਹੈ। ਜਸਟਿਸ ਐਲਿਜ਼ਾਬੈਥ ਰੈਪਰ ਨੇ ਉਸ ਨੂੰ 60 ਦਿਨਾਂ ਦੇ ਅੰਦਰ ਸ਼ੇਰਗਿੱਲ ਨੂੰ 97,200 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ, ਜੋ ਅਦਾਲਤ ਵੱਲੋਂ ਲਾਗੂ ਕੀਤਾ ਜਾ ਸਕਦਾ ਵੱਧ ਤੋਂ ਵੱਧ ਜੁਰਮਾਨਾ ਸੀ।
ਜਸਟਿਸ ਰੈਪਰ ਨੇ ਕਿਹਾ ਕਿ ਸੀਮਾ ਸ਼ੇਰਗਿੱਲ ਪ੍ਰਤੀ ਸੂਰੀ ਦਾ ਸਲੂਕ ਹਰ ਤਰ੍ਹਾਂ ਨਾਲ ਭਿਆਨਕ ਅਤੇ ਸ਼ੋਸ਼ਣਕਾਰੀ ਸੀ। ਉਸ ਨੇ ਇਹ ਵੀ ਨੋਟ ਕੀਤਾ ਕਿ ਸੀਮਾ ਸ਼ੇਰਗਿੱਲ ਦੇ ਕੰਮ ਕਰਨ ਦੇ ਔਖੇ ਹਾਲਾਤ ’ਚ ਛੁੱਟੀ ਵੀ ਨਹੀਂ ਮਿਲਦੀ ਸੀ ਜਿਸ ਕਾਰਨ ਉਹ ਦੀ ਹਾਲਤ ਤਰਸਯੋਗ ਹੋ ਗਈ ਸੀ। ਉਸ ਨੂੰ ਘਰ ਤੋਂ ਬਾਹਰ ਸਿਰਫ਼ ਕੁੱਤੇ ਨੂੰ ਘੁਮਾਉਣ ਲਈ ਨਿਕਲਣ ਦਿੱਤਾ ਜਾਂਦਾ ਸੀ।
ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ‘ਤੇ ਫੈਸਲਾ ਕਰਨ ਦੇ ਆਸਟ੍ਰੇਲੀਆ ਦੀ ਅਦਾਲਤ ਦੇ ਅਧਿਕਾਰ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਸੀਮਾ ਸ਼ੇਰਗਿੱਲ ਨੂੰ ਜੋ ਵੀ ਸ਼ਿਕਾਇਤ ਹੋ ਸਕਦੀ ਹੈ, ਉਸ ਦਾ ਹੱਲ ਸਿਰਫ ਭਾਰਤ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ।