ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਆਪਣੇ ਭਾਰਤ ਦੌਰੇ ਦੌਰਾਨ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਦਾ ਹੱਥ ਹੋਣ ਦੇ ਸਬੂਤ ਅਜੇ ਤਕ ਉਨ੍ਹਾਂ ਨੇ ਨਹੀਂ ਵੇਖੇ ਹਨ। ਅਪਣੀ ਭਾਰਤ ਯਾਤਰਾ ਦੌਰਾਨ ਪੀਟਰਜ਼ ਨੇ ਇਕ ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਨੂੰ ਦਿਤੇ ਇੰਟਰਵਿਊ ਵਿਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੀ ਪੁਸ਼ਟੀ ਕਰਨ ਵਾਲੇ ਠੋਸ ਸਬੂਤਾਂ ਜਾਂ ਨਤੀਜਿਆਂ ਦੀ ਕਮੀ ਦੱਸੀ। ਪੀਟਰਜ਼ ਨੇ ਕੈਨੇਡਾ ਵਲੋਂ ਪੇਸ਼ ਕੀਤੇ ਗਏ ਸਬੂਤਾਂ ’ਤੇ ਵੀ ਖੁੱਲ੍ਹ ਕੇ ਸਵਾਲ ਚੁੱਕੇ।
ਉਨ੍ਹਾਂ ਕਿਹਾ, ‘‘ਇਕ ਸਿਖਲਾਈ ਪ੍ਰਾਪਤ ਵਕੀਲ ਹੋਣ ਦੇ ਨਾਤੇ, ਮੈਂ ਵੇਖਦਾ ਹਾਂ ਕਿ ਕੇਸ ਕਿੱਥੇ ਬਣਦਾ ਹੈ? ਸਬੂਤ ਕਿੱਥੇ ਹਨ? ਇਸ ਸਮੇਂ ਮੈਨੂੰ ਇਸ ਕੇਸ ’ਚ ਕੋਈ ਸਬੂਤ ਨਹੀਂ ਦਿਸਦਾ।’’ ਫ਼ਾਈਵ-ਆਈਜ਼ ਵੱਲੋਂ ਦਿੱਤੀ ਜਾਣਕਾਰੀ ਬਾਰੇ ਉਨ੍ਹਾਂ ਕਿਹਾ, ‘‘ਤੁਸੀਂ ਨਹੀਂ ਜਾਣਦੇ ਕਿ ਇਹ ਵਜ਼ਨੀ ਹੈ ਜਾਂ ਨਹੀਂ। ਪਰ ਬਹੁਤ, ਬਹੁਤ ਹੀ ਮਹੱਤਵਪੂਰਣ ਜਾਣਕਾਰੀ ਜੋ ਅਰਥ ਰਖਦੀ ਹੈ… ਇਹ ਮਾਮਲਾ ਮੁੱਖ ਤੌਰ ‘ਤੇ ਪਿਛਲੀ ਸਰਕਾਰ ਵੱਲੋਂ ਸੰਭਾਲਿਆ ਗਿਆ ਸੀ।’’
ਇਹ ਪਹਿਲੀ ਵਾਰੀ ਹੈ ਜਦੋਂ ਅਮਰੀਕਾ, ਕੈਨੇਡਾ, ਬਰਤਾਨੀਆਂ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਸ਼ਮੂਲੀਅਤ ਵਾਲੇ ‘ਫਾਈਵ-ਆਈਜ਼’ ਜਾਸੂਸੀ ਭਾਈਵਾਲਾਂ ਦੇ ਕਿਸੇ ਮੈਂਬਰ ਨੇ ਕੈਨੇਡਾ ਦੇ ਦਾਅਵਿਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਉਨ੍ਹਾਂ ਦਾ ਇਹ ਰੁਖ ਪਿਛਲੇ ਸਾਲ ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪੇਸ਼ ਕੀਤੇ ਗਏ ਬਿਆਨ ਤੋਂ ਵੱਖਰਾ ਹੈ, ਜਿਸ ’ਚ ਉਨ੍ਹਾਂ ਨੇ ਨਿੱਝਰ ਦੇ ਕਤਲ ਲਈ ਭਾਰਤੀ ਏਜੰਟਾਂ ’ਤੇ ਸ਼ੱਕ ਪ੍ਰਗਟਾਇਆ ਸੀ। ਪੀਟਰਜ਼ ਇੰਡੋਨੇਸ਼ੀਆ ਲਈ ਰਵਾਨਾ ਹੋ ਗਏ ਪਰ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੈਨੇਡਾ ਦੇ ਦੋਸ਼ਾਂ ‘ਤੇ ਨਿਊਜ਼ੀਲੈਂਡ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੋਵੇਗਾ। ਉਨ੍ਹਾਂ ਕਿਹਾ, ‘‘ਮੰਤਰੀ ਦਾ ਕਹਿਣਾ ਹੈ ਕਿ ਇਹ ਅਪਰਾਧਿਕ ਜਾਂਚ ਚੱਲ ਰਹੀ ਹੈ। ਸਪੱਸ਼ਟ ਸਿੱਟੇ ਕੱਢਣ ਤੋਂ ਇਸ ਦੇ ਸਹੀ ਢੰਗ ਨਾਲ ਪੂਰਾ ਹੋਣ ਦੀ ਜ਼ਰੂਰਤ ਹੈ।’’
ਉਧਰ ਪੀਟਰਜ਼ ਦੇ ਬਿਆਨ ਦਾ ਅਮਰੀਕਾ ਸਥਿਤ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਥਿਤ ਤੌਰ ’ਤੇ ਸਖ਼ਤ ਵਿਰੋਧ ਕੀਤਾ ਹੈ। ਖਾਲਿਸਤਾਨ ਹਮਾਇਤੀ ਪੰਨੂ ਨੇ ਅਪਣੇ ਕਥਿਤ ਤਾਜ਼ਾ ਬਿਆਨ ’ਚ ਪੀਟਰਜ਼ ਵਲੋਂ ਭਾਰਤ ਨੂੰ ਕਥਿਤ ਸਮਰਥਨ ਦਿਤੇ ਜਾਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਨਿਊਜ਼ੀਲੈਂਡ ’ਚ ਭਾਰਤੀ ਡਿਪਲੋਮੈਟਾਂ ’ਤੇ ਹਮਲਾ ਕਰਨ ਦੀ ਧਮਕੀ ਦਿਤੀ ਹੈ। ਪੰਨੂ ਨੇ ਹਾਲ ਹੀ ਵਿਚ ਇਕ ਪੋਸਟਰ ਜਾਰੀ ਕੀਤਾ ਸੀ, ਜਿਸ ਵਿਚ ਕੈਨੇਡਾ ਵਿਚ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੂੰ ਵੀ ਨਿਸ਼ਾਨਾ ਬਣਾ ਕੇ ਹਿੰਸਕ ਕਾਰਵਾਈਆਂ ਦਾ ਸੰਕੇਤ ਦਿੱਤਾ ਗਿਆ ਸੀ।
18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਨਿੱਜਰ ਦੇ ਕਤਲ ਤੋਂ ਬਾਅਦ ਨਵੀਂ ਦਿੱਲੀ ਅਤੇ ਓਟਾਵਾ ਵਿਚਾਲੇ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ ਸੀ। ਇਸ ਦੋਸ਼ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਾ ਦਿਤਾ ਸੀ, ਜਿਸ ਵਿਚ ਜਨਵਰੀ ਵਿਚ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਦੀ ਟਿਪਣੀ ਤੋਂ ਬਾਅਦ ਥੋੜ੍ਹਾ ਸੁਧਾਰ ਹੋਇਆ ਸੀ।