ਮੈਲਬਰਨ: ਸਿਡਨੀ ’ਚ ਬੁੱਧਵਾਰ ਨੂੰ ਕਾਰ ਹੇਠਾਂ ਆ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਹੈਰੀ ਚੰਦਲਾ ਵਜੋਂ ਹੋਈ ਹੈ। 31 ਸਾਲ ਦੇ ਹੈਰੀ ਦੀ ਲਾਸ਼ ਉਸ ਦੇ ਘਰ ਨੇੜੇ ਹੀ ਸੜਕ ’ਤੇ ਪਈ ਮਿਲੀ ਸੀ। ਉਸ ਨੂੰ ਕਾਰ ਹੇਠ ਦਰੜਨ ਦੇ ਦੋਸ਼ ’ਚ ਨੇੜੇ ਹੀ ਰਹਿੰਦੇ ਚੀਨੀ ਮੂਲ ਦੇ ਇੱਕ ਵਿਅਕਤੀ ਜੌਨ ਉਂਗ (55) ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਉਸ ਦੀ ਅਦਾਲਤ ’ਚ ਅਗਲੀ ਪੇਸ਼ੀ 2 ਮਈ ਨੂੰ ਹੋਵੇਗੀ।
ਇਹ ਘਟਨਾ ਰਾਤ ਦੇ ਲਗਭਗ 3 ਵਜੇ ਮਾਊਂਟ ਪ੍ਰਿਚਰਡ ਵਿਚ ਪ੍ਰਿਚਰਡ ਸਟ੍ਰੀਟ ਅਤੇ ਹੇਮਫਿਲ ਐਵੇਨਿਊ ਦੇ ਚੌਰਾਹੇ ‘ਤੇ ਵਾਪਰੀ ਸੀ। ਇੱਕ ਘੰਟੇ ਬਾਅਦ ਉੱਥੋਂ ਲੰਘ ਰਹੇ ਇੱਕ ਹੋਰ ਵਿਅਕਤੀ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਸਿਰ ਅਤੇ ਧੜ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਉਂਗ ਨਹੀਂ ਰੁਕਿਆ। ਸੀ.ਸੀ.ਟੀ.ਵੀ. ਤੋਂ ਉਂਗ ਦੀ ਕਾਰ ਦੀ ਪਛਾਣ ਹੋਈ। ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਫ੍ਰੀਜ਼ਰ ਵਿਚ ਲਗਭਗ 950,000 ਡਾਲਰ ਦੀ ਨਕਦੀ ਵੀ ਮਿਲੀ ਜਿਸ ’ਤੇ ਅਪਰਾਧ ਦੀ ਕਮਾਈ ਹੋਣ ਦਾ ਸ਼ੱਕ ਹੈ।
ਅਦਾਲਤ ਵਿੱਚ ਉਂਗ ਦੇ ਵਕੀਲ ਨੇ ਦਲੀਲ ਦਿੱਤੀ ਕਿ ਚੰਦਲਾ ਨਸ਼ੇ ਵਿੱਚ ਧੁੱਤ ਸੀ, ਸੜਕ ‘ਤੇ ਲੇਟ ਗਿਆ ਸੀ ਅਤੇ ਮਾਰੇ ਜਾਣ ਤੋਂ ਪਹਿਲਾਂ ਸੌਂ ਗਿਆ ਸੀ। ਉਸ ਨੇ ਕਿਹਾ ਕਿ ਜੌਨ ਉਂਗ ਨੂੰ ਬਿਲਕੁਲ ਵੀ ਪਤਾ ਨਹੀਂ ਲਗਿਆ ਕਿ ਕੋਈ ਉਸ ਦੀ ਕਾਰ ਹੇਠ ਆ ਗਿਆ ਸੀ। ਹਾਲਾਂਕਿ, ਮੈਜਿਸਟਰੇਟ ਇਸ ਦਲੀਲ ਨਾਲ ਸਹਿਮਤ ਨਹੀਂ ਸਨ ਕਿਉਂਕਿ ਇਹ ਪੁਲਿਸ ਵੱਲੋਂ ਪੇਸ਼ ਤੱਥਾਂ ਦੀ ਬਜਾਏ ਮੀਡੀਆ ਰਿਪੋਰਟਾਂ ‘ਤੇ ਅਧਾਰਤ ਸੀ।
ਉਂਗ ‘ਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਲਾਪਰਵਾਹੀ ਨਾਲ ਗੱਡੀ ਚਲਾਉਣ, ਗੱਡੀ ਰੋਕਣ ਅਤੇ ਸਹਾਇਤਾ ਕਰਨ ਵਿੱਚ ਅਸਫਲ ਰਹਿਣ ਅਤੇ ਜਾਣਬੁੱਝ ਕੇ ਅਪਰਾਧ ਦੀ ਕਮਾਈ ਨਾਲ ਨਜਿੱਠਣ ਦੇ ਦੋਸ਼ ਲਗਾਏ ਗਏ ਸਨ। ਉਸ ਦੀ ਜ਼ਮਾਨਤ ਦਾ ਸਰਕਾਰੀ ਵਕੀਲ ਨੇ ਵਿਰੋਧ ਕੀਤਾ ਸੀ ਅਤੇ ਦਲੀਲ ਦਿੱਤੀ ਸੀ ਕਿ ਉਹ ਲੋਕਾਂ ਲਈ ਖਤਰਾ ਹੈ ਅਤੇ ਅਦਾਲਤ ਵਿਚ ਪੇਸ਼ ਹੋਣ ਤੋਂ ਭੱਜ ਸਕਦਾ ਹੈ।
ਮੁਲਜ਼ਮ ਨੂੰ ਰਿਹਾਅ ਕਰਨਾ ਪੱਖਪਾਤ ਹੈ : ਪੀੜਤ ਦਾ ਪ੍ਰਵਾਰ
ਉਂਗ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਦਾਲਤ ਦੇ ਬਾਹਰ ਹੈਰੀ ਚੰਦਲਾ ਦੇ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਨੂੰ ਪੱਖਪਾਤ ਦਸਿਆ ਹੈ। ਮ੍ਰਿਤਕ ਦੇ ਭਰਾ ਅਰਮਾਨ ਚੰਦਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਭਰਾ ਬਹੁਤ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ ਅਤੇ ਇਹ ਘਾਟਾ ਆਸਟ੍ਰੇਲੀਆ ਵਿਚ ਉਸ ਦੇ ਪਰਿਵਾਰ ਅਤੇ ਭਾਰਤ ਵਿਚ ਉਸ ਦੇ ਮਾਪਿਆਂ ਲਈ ਬਹੁਤ ਵੱਡਾ ਹੈ। ਉਸ ਨੇ ਕਿਹਾ, ‘‘ਉਹ ਕਾਫ਼ੀ ਦੋਸਤਾਨਾ ਵਿਅਕਤੀ ਸੀ, ਕਾਫ਼ੀ ਜ਼ਿੰਮੇਵਾਰ ਸੀ… ਉਹ ਇਕ ਭਰੋਸੇਮੰਦ ਵਿਅਕਤੀ ਸੀ, ਜਿਵੇਂ ਕਿ ਤੁਸੀਂ ਸੱਚਮੁੱਚ ਉਸ ‘ਤੇ ਭਰੋਸਾ ਕਰ ਸਕਦੇ ਹੋ। ਉਸ ਦੇ ਜਾਣ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ।’’