ਗੁੱਸੇ ’ਚ ਆ ਕੇ ਮੂਲਵਾਸੀ ਬੱਚਿਆਂ ਨੂੰ ਬੰਨ੍ਹਣ ਵਾਲੇ ਗੋਰੇ ਦੀ ਚੁਤਰਫ਼ਾ ਨਿੰਦਾ, ਜਾਣੋ ਕੀ ਦਸਿਆ ਕਾਰਨ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬਰੂਮ ‘ਚ ਮੈਟ ਰੈਡੇਲਿਕ ਨਾਂ ਦੇ 45 ਸਾਲ ਦੇ ਵਿਅਕਤੀ ਵੱਲੋਂ ਇੱਕ ਤਾਰ ਨਾਲ ਤਿੰਨ ਬੱਚਿਆਂ ਦੇ ਹੱਥ ਬੰਨ੍ਹਣ ਦੇ ਮਾਮਲੇ ਦੀ ਸਖ਼ਤ ਨਿੰਦਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੇ ਕੇਬਲ ਬੀਚ ਦੇ ਕੋਨਕਰਬੇਰੀ ਰੋਡ ‘ਤੇ ਸਥਿਤ ਉਸ ਦੇ ਘਰ ’ਚ ਘੁਸਪੈਠ ਕੀਤੀ ਅਤੇ ਨੁਕਸਾਨ ਪਹੁੰਚਾਇਆ। ਇਹ ਘਰ ਵੇਚਣ ਲਈ ਰੱਖਿਆ ਗਿਆ ਸੀ ਅਤੇ ਖ਼ਾਲੀ ਘਰ ਵੇਖ ਕੇ ਬੱਚੇ ਕਥਿਤ ਤੌਰ ’ਤੇ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਏ ਸਨ। ਪਰ ਉਸੇ ਸਮੇਂ ਮੈਟ ਰੈਡੇਲਿਕ ਵੀ ਆ ਗਿਆ ਅਤੇ ਆਪਣੇ ਬਿਆਨ ’ਚ ਉਸ ਨੇ ਕਿਹਾ, ‘‘ਘਰ ’ਚ ਟੁੱਟ-ਭੱਜ ਵੇਖ ਕੇ ਮੈਨੂੰ ਗੁੱਸਾ ਆ ਗਿਆ ਸੀ। ਸੈਂਕੜੇ ਡਾਲਰ ਦਾ ਨੁਕਸਾਨ ਹੋ ਗਿਆ। ਮੈਨੂੰ ਹੋਰ ਕੁੱਝ ਨਾ ਸੁੱਝਾ ਤਾਂ ਮੈਂ ਬੱਚਿਆਂ ਨੂੰ ਫੜ ਲਿਆ।’’ ਉਸ ਨੇ ਮੂਲਵਾਸੀ ਨਸਲ ਦੇ ਦਿਸਣ ਵਾਲੇ ਤਿੰਨ ਬੱਚਿਆਂ ਨੂੰ ਬੰਨ੍ਹਿਆ ਸੀ ਪਰ ਇੱਕ 8 ਸਾਲ ਦਾ ਬੱਚਾ ਹੱਥ ਖੋਲ੍ਹ ਕੇ ਭੱਜਣ ’ਚ ਸਫ਼ਲ ਰਿਹਾ। ਜਦਕਿ ਸਟੂਅਰਟ (7) ਅਤੇ ਮਾਰਗਰੇਟ (6) ਨੂੰ ਪੁਲਿਸ ਨੇ ਆ ਕੇ ਛੁਡਵਾਇਆ ਅਤੇ ਉਨ੍ਹਾਂ ਦੇ ਪ੍ਰਵਾਰ ਹਵਾਲੇ ਕੀਤਾ। ਬੱਚੇ ਲਗਭਗ ਇੱਕ ਘੰਟੇ ਤਕ ਬੱਝੇ ਰਹੇ ਸਨ। ਬੱਚਿਆਂ ਦੀ ਮਾਂ ਰੋਵੇਨਾ ਨੇ ਆਪਣੇ ਬੱਚਿਆਂ ਨੂੰ ਬੰਨ੍ਹਿਆ ਦੇਖ ਕੇ ਦਿਲ ਟੁੱਟਣ ਦਾ ਇਜ਼ਹਾਰ ਕੀਤਾ।

ਘਟਨਾ ਦਾ ਵੀਡੀਓ ਫ਼ੇਸਬੁੱਕ ’ਤੇ ਲਾਈਵ, ਚੁਤਰਫ਼ਾ ਨਿੰਦਾ

ਰੋਂਦੇ ਬੱਚਿਆਂ ਦੀ ਆਵਾਜ਼ ਸੁਣ ਕੇ ਪਹੁੰਚੇ ਇਕ ਚਸ਼ਮਦੀਦ ਨੇ ਘਟਨਾ ਦਾ ਵੀਡੀਓ ਬਣਾ ਕੇ ਫ਼ੇਸਬੁੱਕ ’ਤੇ ਲਾਈਵ ਚਲਾ ਦਿੱਤਾ ਜੋ ਹੁਣ ਵਾਇਰਲ ਹੋ ਗਿਆ ਹੈ ਅਤੇ ਲੋਕਾਂ ਨੇ ਰੈਡੇਲਿਕ ਦੀ ਕਰੜੀ ਨਿੰਦਾ ਕੀਤੀ ਹੈ। ਰੈਡੇਲਿਕ ਵਿਰੁਧ ਪੁਲਿਸ ਨੇ ਹਮਲਾ ਕਰਨ ਦੇ ਤਿੰਨ ਦੋਸ਼ ਲਗਾਏ ਗਏ ਹਨ। ਉਸ ਨੇ ਦਾਅਵਾ ਕੀਤਾ ਕਿ ਉਸ ਦੀਆਂ ਕਾਰਵਾਈਆਂ ਨਸਲੀ ਤੌਰ ‘ਤੇ ਪ੍ਰੇਰਿਤ ਨਹੀਂ ਸਨ, ਬਲਕਿ ਨਿਰਾਸ਼ਾ ਅਤੇ ਗੁੱਸੇ ਕਾਰਨ ਸਨ। ਉਸ ਨੇ ਆਪਣੀ ਕਾਰਵਾਈ ’ਤੇ ਅਫਸੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਉਹ ਸ਼ਹਿਰ ਛੱਡਣ ਬਾਰੇ ਵਿਚਾਰ ਕਰ ਰਿਹਾ ਹੈ।

ਕਾਰਜਕਾਰੀ ਸਹਾਇਕ ਪੁਲਿਸ ਕਮਿਸ਼ਨਰ ਰੌਡ ਵਾਈਲਡ ਨੇ ਕਿਹਾ ਕਿ ਬੱਚਿਆਂ ਵਿਰੁਧ ਏਨੀ ਸਖ਼ਤ ਕਾਰਵਾਈ ਦੀ ਜ਼ਰੂਰਤ ਨਹੀਂ ਸੀ। ਪੁਲਿਸ ਰੈਡੇਲਿਕ ਦੇ ਜਾਇਦਾਦ ਦੇ ਨੁਕਸਾਨ ਦੇ ਦਾਅਵੇ ਦੀ ਵੀ ਜਾਂਚ ਕਰ ਰਹੀ ਹੈ। ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁਕ ਅਤੇ ਕਿੰਬਰਲੇ ਦੀ ਸੰਸਦ ਮੈਂਬਰ ਦਿਵੀਨਾ ਡੀਅੰਨਾ ਦੋਵਾਂ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਭਾਈਚਾਰੇ ਵਿਚ ਸ਼ਾਂਤੀ ਦੀ ਅਪੀਲ ਕੀਤੀ। ਰੈਡੇਲਿਕ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਹ 25 ਮਾਰਚ ਨੂੰ ਬਰੂਮ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਵੇਗਾ।

Leave a Comment