ਮੈਲਬਰਨ: ਪਿਛਲੇ ਦਿਨੀਂ ਮੈਲਬਰਨ ’ਚ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਲੱਗੇ ਜਾਮ ਵਿਚਕਾਰ, ਭਾਰਤੀ ਮੂਲ ਦੀ ਰੌਸ਼ਨੀ ਲਾਡ ਨੂੰ ਮੈਲਬਰਨ ’ਚ ਸੜਕ ਦੇ ਕਿਨਾਰੇ ਆਪਣੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ। ਵਾਤਾਵਰਣ ਕਾਰਕੁਨਾਂ ਨੇ ਮੈਲਬਰਨ ਦੇ ਵੈਸਟ ਗੇਟ ਬ੍ਰਿਜ ‘ਤੇ ਇੱਕ ਟਰੱਕ ਖੜ੍ਹਾ ਕਰ ਕੇ ਟ੍ਰੈਫ਼ਿਕ ਜਾਮ ਕਰ ਦਿੱਤਾ ਸੀ ਅਤੇ ਜਲਵਾਯੂ ਤਬਦੀਲੀ ‘ਤੇ ਕਾਰਵਾਈ ਕਰਨ ਦੀ ਮੰਗ ਕਰਨ ਵਾਲੇ ਬੈਨਰ ਦਿਖਾਏ ਸਨ।
ਰੌਸ਼ਨੀ ਅਤੇ ਉਸ ਦਾ ਪਤੀ ਉਸ ਸਮੇਂ ਭੈਰਵ ਹਸਪਤਾਲ ਜਾ ਰਹੇ ਸਨ ਜਦੋਂ ਉਹ ਟ੍ਰੈਫਿਕ ਵਿੱਚ ਫਸ ਗਏ। ਇਸ ਦੌਰਾਨ ਸੇਂਟ ਕੋਲੰਬਾ ਕਾਲਜ ਦੇ ਦੋ ਅਧਿਆਪਕ, ਜੋ ਇੱਕ ਸਕੂਲ ਬੱਸ ਵਿੱਚ ਲੰਘ ਰਹੇ ਸਨ, ਨੇ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕੀਤੀ। ਇੱਕ ਅਧਿਆਪਕ ਕੇਟ ਲੋਨਸਡੇਲ ਨੇ ਕਿਹਾ, ‘‘ਬੱਚੇ ਦੇ ਪਿਤਾ (ਭੈਰਵ) ਨੇ ਮੇਰੇ ਕੰਨ ’ਤੇ ਫ਼ੋਨ ਲਾਇਆ ਹੋਇਆ ਸੀ ਅਤੇ ਦੂਜੇ ਪਾਸੇ ਖੜ੍ਹੀ ਐਂਬੂਲੈਂਸ ਮੈਨੂੰ ਹਦਾਇਤਾਂ ਦੇ ਰਹੀ ਸੀ।’’ ਪਰਿਵਾਰ ਆਖਰਕਾਰ ਹਸਪਤਾਲ ਪਹੁੰਚ ਗਿਆ ਅਤੇ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਰੌਸ਼ਨੀ ਨੇ ਦੋਹਾਂ ਅਧਿਆਪਕਾਂ ਦਾ ਧਨਵਾਦ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ ਦੀ ਬਹੁਤ ਧਨਵਾਦੀ ਹਾਂ, ਮੈਨੂੰ ਲਗਦਾ ਹੈ ਕਿ ਰੱਬ ਨੇ ਉਨ੍ਹਾਂ ਨੂੰ ਮੇਰੀ ਮਦਦ ਲਈ ਭੇਜਿਆ ਸੀ।’’ ਇਹ ਜੋੜੇ ਦਾ ਦੂਜਾ ਬੱਚਾ ਸੀ।
ਪ੍ਰਦਰਸ਼ਨਕਾਰੀਆਂ ਨੂੰ ਜੇਲ ਦੀ ਸਜ਼ਾ
ਵਿਰੋਧ ਪ੍ਰਦਰਸ਼ਨ ਦੇ ਨਤੀਜੇ ਵਜੋਂ ਪੁਲ ਦੇ ਸ਼ਹਿਰ ਵਾਲੇ ਪਾਸੇ ਦੀਆਂ ਤਿੰਨ ਲੇਨਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਕਾਫ਼ੀ ਦੇਰੀ ਹੋਈ। ਦੋ ਪ੍ਰਦਰਸ਼ਨਕਾਰੀਆਂ, ਡੀਨਾ “ਵਾਇਲਟ” ਕੋਕੋ ਅਤੇ ਬ੍ਰੈਡਲੀ ਹੋਮਵੁੱਡ ਨੂੰ ਵਾਹਨ ਚਾਲਕਾਂ ਨੂੰ ਰੁਕਾਵਟ ਪਾਉਣ ਅਤੇ ਪੁਲਿਸ ਅਤੇ ਐਮਰਜੈਂਸੀ ਸੇਵਾ ਕਰਮਚਾਰੀਆਂ ਨੂੰ ਰੁਕਾਵਟ ਪਾਉਣ ਲਈ ਜਨਤਕ ਪਰੇਸ਼ਾਨੀ ਲਈ 21 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਹੋਰ ਪ੍ਰਦਰਸ਼ਨਕਾਰੀ ਜੋਸਫ ਜ਼ਮਿਟ ਨੂੰ ਕੁਝ ਸ਼ਰਤਾਂ ਤਹਿਤ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।