ਮੈਲਬਰਨ: 62 ਸਾਲ ਦੇ ਇੱਕ ਜਰਮਨ ਵਿਅਕਤੀ ਨੇ ਦੋ ਸਾਲ ਅਤੇ ਪੰਜ ਮਹੀਨਿਆਂ ਦੀ ਮਿਆਦ ਦੌਰਾਨ ਵਿੱਚ 217 ਕੋਵਿਡ-19 ਟੀਕੇ ਲਗਵਾ ਲਏ। ਜਰਮਨੀ ਦੇ ਮੈਗਡੇਬਰਗ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਕਿਹਾ ਕਿ ਉਸ ਨੇ ਨਿੱਜੀ ਕਾਰਨਾਂ ਕਰਕੇ ਵੱਡੀ ਗਿਣਤੀ ‘ਚ ਟੀਕੇ ਹਨ। ਖੋਜਕਰਤਾਵਾਂ ਨੂੰ ਇਸ ਬਾਰੇ ਅਖ਼ਬਾਰ ’ਚ ਆਈ ਇੱਕ ਖ਼ਬਰ ਤੋਂ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਿਅਕਤੀ ’ਤੇ ਏਨੀ ਵੱਡੀ ਗਿਣਤੀ ’ਚ ਟੀਕੇ ਲਗਵਾਉਣ ਦੇ ਅਸਰ ਬਾਰੇ ਅਧਿਐਨ ਕਰਨ ਲਈ ਉਸ ਨਾਲ ਸੰਪਰਕ ਕੀਤਾ।
ਡਾਕਟਰਾਂ ਨੇ ਸ਼ੁਰੂ ’ਚ ਸੋਚਿਆ ਸੀ ਕਿ ਏਨੀ ਵਾਰੀ ਟੀਕੇ ਲਗਵਾਉਣ ਕਾਰਨ ਉਸ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਕਮਜ਼ੋਰ ਹੋ ਗਈ ਹੋ ਸਕਦੀ ਹੈ। ਪਰ ਟੈਸਟਾਂ ਤੋਂ ਬਾਅਦ ਖੋਜਕਰਤਾਵਾਂ ਨੂੰ ਕਮਜ਼ੋਰ ਪ੍ਰਤੀਰੋਧਕ ਪ੍ਰਤੀਕਿਰਿਆ ਦਾ ਕੋਈ ਸਬੂਤ ਨਹੀਂ ਮਿਲਿਆ। ਦਰਅਸਲ, ਸਹਿ-ਮੁੱਖ ਲੇਖਕ ਕੈਥਰੀਨਾ ਕੋਚਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਉਲਟ ਦੇਖਿਆ। ਇਸ ਵਿਅਕਤੀ ਨੇ ਟ੍ਰਾਇਲ ਦੌਰਾਨ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਆਪਣਾ 217ਵਾਂ ਟੀਕਾ ਵੀ ਲਗਵਾ ਲਿਆ।
ਵਿਅਕਤੀ ਨੇ ਵੱਖ-ਵੱਖ mRNA ਵੈਕਸੀਨ ਸਮੇਤ ਕੁੱਲ ਅੱਠ ਵੱਖ-ਵੱਖ ਤਰ੍ਹਾਂ ਦਾ ਟੀਕਾ ਲਗਾਇਆ ਗਿਆ ਸੀ। ਖੋਜਕਰਤਾ ਡਾ. ਕਿਲੀਅਨ ਸ਼ੋਬਰ ਨੇ ਨੋਟ ਕੀਤਾ ਕਿ ਇਸ ਅਸਧਾਰਨ “ਹਾਈਪਰਵੈਕਸੀਨੇਸ਼ਨ” ਦੇ ਬਾਵਜੂਦ ਧਿਆਨ ਦੇਣ ਯੋਗ ਮਾੜੇ ਪ੍ਰਭਾਵਾਂ ਦੀ ਅਣਹੋਂਦ ਟੀਕਿਆਂ ਪ੍ਰਤੀ ਸਹਿਣਸ਼ੀਲਤਾ ਦਰਸਾਉਂਦਾ ਹੈ। ਹਾਲਾਂਕਿ, ਖੋਜਕਰਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਵਿਅਕਤੀਗਤ ਕੇਸ ਹੈ ਅਤੇ ਜ਼ਰੂਰੀ ਨਹੀਂ ਕਿ ਹੋਰ ਲੋਕ ਵੀ ਏਨੇ ਜ਼ਿਆਦਾ ਟੀਕੇ ਲਗਾਉਣ ਤੋਂ ਸਿਹਤਮੰਦ ਰਹਿਣ। ਉਨ੍ਹਾਂ ਨੇ ਸਿਫਾਰਸ਼ ਕੀਤੀ ਕਿ ਜ਼ਿਆਦਾਤਰ ਲੋਕ ਕਮਜ਼ੋਰ ਸਮੂਹਾਂ ਲਈ ਨਿਯਮਤ ਟਾਪ-ਅੱਪਸ ਦੇ ਨਾਲ ਮਿਆਰੀ ਤਿੰਨ-ਟੀਕੇ ਦੇ ਕੋਰਸ ਦੀ ਪਾਲਣਾ ਕਰਨਾ ਜਾਰੀ ਰੱਖਣ।