ਮੈਲਬਰਨ: ਆਸਟ੍ਰੇਲੀਆ ਦੀ ਆਰਥਿਕਤਾ ਦਸੰਬਰ ਤਿਮਾਹੀ ਵਿੱਚ 0.2٪ ਦੀ ਦਰ ਨਾਲ ਵਧੀ। ਭਾਵੇਂ ਇਹ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਾਧਾ ਹੈ ਪਰ ਇਹ ਲਗਾਤਾਰ ਨੌਵੀਂ ਤਿਮਾਹੀ ਜਦੋਂ ਆਸਟ੍ਰੇਲੀਆ ਦੀ ਆਰਥਿਕਤਾ ’ਚ ਵਾਧਾ ਵੇਖਣ ਨੂੰ ਮਿਲਿਆ ਹੈ। GDP ਵਾਧਾ ਸਤੰਬਰ ਦੇ 0.3٪ ਦੇ ਵਾਧੇ ਤੋਂ ਸਥਿਰ ਰਿਹਾ। ਮਾਮੂਲੀ ਵਾਧੇ ਨਾਲ RBA ’ਤੇ ਵਿਆਜ ਰੇਟ ’ਚ ਛੇਤੀ ਕਟੌਤੀ ਕਰਨ ਦਾ ਦਬਾਅ ਵਧੇਗਾ।
ਟਰੈਜ਼ਰਰ ਜਿਮ ਚੈਲਮਰਜ਼ ਨੇ ਕਿਹਾ ਕਿ ਹਾਲਾਂਕਿ ਵਿਕਾਸ ਹੌਲੀ ਸੀ, ਪਰ ਚੁਣੌਤੀਪੂਰਨ ਗਲੋਬਲ ਹਾਲਾਤ ਅਤੇ ਉੱਚ ਵਿਆਜ ਰੇਟ ਦੇ ਅਸਰ ਨੂੰ ਦੇਖਦੇ ਹੋਏ ਇਹ ਅਜੇ ਵੀ ਮਹੱਤਵਪੂਰਨ ਹੈ। ਚੈਲਮਰਜ਼ ਨੇ ਇਹ ਵੀ ਦੱਸਿਆ ਕਿ ਵਿਸ਼ਵ ਵਿਆਪੀ ਆਰਥਿਕ ਅਨਿਸ਼ਚਿਤਤਾ ਅਤੇ ਜਾਪਾਨ ਤੇ ਯੂ.ਕੇ. ਵਿੱਚ ਮੰਦੀ ਦੇ ਬਾਵਜੂਦ ਆਸਟ੍ਰੇਲੀਆ ਦੀ ਆਰਥਿਕਤਾ ਲਗਾਤਾਰ ਵਧ ਰਹੀ ਹੈ। ਸਾਲਾਨਾ GDP ਵਾਧਾ 1.5٪ ਤੱਕ ਪਹੁੰਚ ਗਿਆ, ਪਰ ਆਬਾਦੀ ਵਾਧੇ ਕਾਰਨ, ਪ੍ਰਤੀ ਵਿਅਕਤੀ GDP ਪਿਛਲੇ 12 ਮਹੀਨਿਆਂ ਵਿੱਚ 1٪ ਘੱਟ ਗਈ। ਇਸ ਤਿਮਾਹੀ ਵਿੱਚ GDP ਦੇ ਵਾਧੇ ਦੇ ਮੁੱਖ ਚਾਲਕ ਸਰਕਾਰੀ ਖਰਚ ਅਤੇ ਨਿੱਜੀ ਕਾਰੋਬਾਰੀ ਨਿਵੇਸ਼ ਸਨ।
ਪਰਿਵਾਰਾਂ ਦੀ ਬੱਚਤ ਵਧੀ
ਪਰਿਵਾਰਾਂ ਨੇ ਤਿਮਾਹੀ ਦੌਰਾਨ ਆਪਣੀ ਬੱਚਤ ਦਰ ਨੂੰ 1.9٪ ਤੋਂ ਵਧਾ ਕੇ ਆਪਣੀ ਆਮਦਨ ਦਾ 3.2٪ ਕਰ ਦਿੱਤਾ, ਕਿਉਂਕਿ ਤਨਖਾਹਾਂ ਅਤੇ ਸਰਕਾਰੀ ਸਹਾਇਤਾ ਭੁਗਤਾਨ ਵਧੇ ਅਤੇ ਖਰਚਿਆਂ ਵਿੱਚ ਗਿਰਾਵਟ ਆਈ। ਅੰਕੜਿਆਂ ਅਨੁਸਾਰ ਵਿਆਜ ਦਰਾਂ ਵਿੱਚ ਵਾਧੇ ਅਤੇ ਮਹੀਨਿਆਂ ਤੋਂ ਵੱਧ ਰਹੀ ਮਹਿੰਗਾਈ ਤੋਂ ਬਾਅਦ ਆਸਟ੍ਰੇਲੀਆ ਦੇ ਲੋਕ ਅਜੇ ਵੀ ਸੰਘਰਸ਼ ਕਰ ਰਹੇ ਹਨ। ਮੋਰਗੇਜ ’ਤੇ ਵਿਆਜ ਇੱਕ ਮਹੱਤਵਪੂਰਣ ਬੋਝ ਬਣਿਆ ਹੋਇਆ ਹੈ। ਬਿਜਲੀ, ਕਿਰਾਇਆ, ਭੋਜਨ ਅਤੇ ਸਿਹਤ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ ਖਰਚ ਵਧਣ ਨਾਲ ਘਰੇਲੂ ਖਰਚ ਵਿੱਚ 0.1٪ ਦਾ ਮਾਮੂਲੀ ਵਾਧਾ ਹੋਇਆ, ਜਦੋਂ ਕਿ ਹੋਟਲ, ਕੈਫੇ, ਰੈਸਟੋਰੈਂਟ, ਸਿਗਰਟ, ਤੰਬਾਕੂ, ਨਵੀਂਆਂ ਗੱਡੀਆਂ ਦੀ ਖਰੀਦ, ਅਤੇ ਕੱਪੜੇ ਅਤੇ ਜੁੱਤੀਆਂ ਵਰਗੇ ਖੇਤਰਾਂ ਵਿੱਚ ਖਰਚ ਘਟਿਆ।