ਕਿੰਗ ਚਾਰਲਸ III ਦੀ ‘ਸੰਭਾਵਿਤ’ ਆਸਟ੍ਰੇਲੀਆ ਯਾਤਰਾ ਲਈ ਯੋਜਨਾਬੰਦੀ ਸ਼ੁਰੂ

ਮੈਲਬਰਨ: ਇਸ ਸਾਲ ਕਿੰਗ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦੀ ਆਸਟ੍ਰੇਲੀਆ ਦੀ ਸੰਭਾਵਿਤ ਯਾਤਰਾ ਦੀ ਯੋਜਨਾ ਬਣਾਈ ਜਾ ਰਹੀ ਹੈ। ਫ਼ੈਡਰਲ ਸਰਕਾਰ ਸਟੇਟਸ ਅਤੇ ਟੈਰੀਟੋਰੀਜ਼ ਨਾਲ ਇਸ ਬਾਰੇ ਗੱਲਬਾਤ ਸ਼ੁਰੂ ਕਰ ਰਹੀ ਹੈ ਕਿ ਸ਼ਾਹੀ ਜੋੜਾ ਕਦੋਂ ਅਤੇ ਕਿੱਥੇ ਜਾ ਸਕਦਾ ਹੈ।

ਦਸੰਬਰ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਬਾਦਸ਼ਾਹ ਦਾ ਆਸਟ੍ਰੇਲੀਆ ਦੌਰਾ ਹੋਣ ਵਾਲਾ ਹੈ। ਪਰ ਪਿਛਲੇ ਮਹੀਨੇ ਇਸ ‘ਤੇ ਸ਼ੱਕ ਪੈਦਾ ਹੋ ਗਿਆ ਸੀ ਜਦੋਂ ਕਿੰਗ ਚਾਰਲਸ ਨੇ ਖ਼ੁਦ ਨੂੰ ਕੈਂਸਰ ਹੋਣ ਦਾ ਖੁਲਾਸਾ ਕੀਤਾ ਅਤੇ ਕੁਝ ਸ਼ਾਹੀ ਕੰਮਕਾਜਾਂ ਤੋਂ ਪਿੱਛੇ ਹਟ ਗਏ। ਪਰ ਹੁਣ ਫ਼ੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਕਿੰਗ ਚਾਰਲਸ ਦੀ ਫੇਰੀ ਲਈ ਸ਼ੁਰੂਆਤੀ ਤਿਆਰੀਆਂ ਸ਼ੁਰੂ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਬਾਦਸ਼ਾਹ, ਮਹਾਰਾਣੀ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦਾ ਆਸਟ੍ਰੇਲੀਆ ‘ਚ ਹਮੇਸ਼ਾ ਸਵਾਗਤ ਹੈ।

ਕਿਸੇ ਸ਼ਾਸਕ ਦੀ ਆਖਰੀ ਆਸਟ੍ਰੇਲੀਆ ਯਾਤਰਾ ਅਕਤੂਬਰ 2011 ਵਿਚ ਹੋਈ ਸੀ ਜਦੋਂ ਮਹਾਰਾਣੀ ਐਲਿਜ਼ਾਬੈਥ ਨੇ ਆਸਟ੍ਰੇਲੀਆ ਦੀ ਯਾਤਰਾ ਕੀਤੀ ਸੀ। 75 ਸਾਲ ਦੇ ਕਿੰਗ ਚਾਰਲਸ 8 ਸਤੰਬਰ, 2022 ਨੂੰ ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ਤੋਂ ਬਾਅਦ ਗੱਦੀ ‘ਤੇ ਬੈਠੇ ਸਨ ਅਤੇ ਪਿਛਲੇ ਸਾਲ ਮਈ ‘ਚ ਉਨ੍ਹਾਂ ਨੂੰ ਤਾਜ ਪਹਿਨਾਇਆ ਗਿਆ ਸੀ।

Leave a Comment