ਹਾਕੀ ਇੰਡੀਆ ਦੀ ਆਸਟ੍ਰੇਲੀਅਨ CEO ਨੇ ਦਿੱਤਾ ਅਸਤੀਫ਼ਾ, ਤਨਖ਼ਾਹ ਨਾ ਦੇਣ ਅਤੇ ਧੜੇਬੰਦੀ ਦੇ ਲਾਏ ਦੋਸ਼

ਮੈਲਬਰਨ: ਲੰਮੇ ਸਮੇਂ ਤੱਕ ਹਾਕੀ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ (CEO) ਰਹੀ ਐਲੇਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਸਟ੍ਰੇਲੀਆ ਦੀ ਰਹਿਣ ਵਾਲੀ 49 ਸਾਲਾ ਨੌਰਮਨ ਕਰੀਬ 13 ਸਾਲ ਇਸ ਅਹੁਦੇ ’ਤੇ ਰਹੀ। ਉਸ ਨੇ ਲੰਮੇ ਸਮੇਂ ਤੋਂ ਤਨਖਾਹ ਨਾ ਮਿਲਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਫੈਡਰੇਸ਼ਨ ਵਿੱਚ ਧੜੇਬੰਦੀ ਕਾਰਨ ਉਸ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ। ਐਲੇਨਾ ਨਾਰਮਨ ਨੇ ਅਸਤੀਫ਼ਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਸੰਗਠਨ ਦੇ ਅੰਦਰ ਉਸ ਵਿਰੁਧ ਵਿੱਤੀ ਬੇਨਿਯਮੀਆਂ ਦੀ ਜਾਂਚ ਚਲ ਰਹੀ ਹੈ। ਅੱਜ, 29 ਫ਼ਰਵਰੀ’ ਨੂੰ ਦਿੱਲੀ ਹਾਈ ਕੋਰਟ ’ਚ ਦਾਇਰ ਇੱਕ ਐਫ਼ੀਡੈਵਿਟ ’ਚ ਉਸ ਨੇ ਜਾਂਚ ਰਿਪੋਰਟ ’ਚ ਅਪਣੇ ਵਿਰੁਧ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਹਾਕੀ ਇੰਡੀਆ ਵੱਲੋਂ ਨੌਰਮਨ ਦੇ ਅਸਤੀਫ਼ੇ ਬਾਰੇ ਬਿਨਾ ਕੋਈ ਕਾਰਨ ਦੱਸੇ ਜਾਰੀ ਕੀਤੇ ਗਏ ਬਿਆਨ ਤੋਂ ਬਾਅਦ ਸਾਬਕਾ CEO ਨੇ ਕਿਹਾ, ‘‘(ਤਨਖਾਹ ਨਾਲ ਜੁੜੇ) ਕੁੱਝ ਮਸਲੇ ਸਨ ਜੋ ਪਿਛਲੇ ਮਹੀਨੇ ਸਪੱਸ਼ਟ ਹੋਏ।’’ ਉਸ ਨੇ ਕਿਹਾ, ‘‘ਹਾਕੀ ਇੰਡੀਆ ਵਿੱਚ ਦੋ ਧੜੇ ਹਨ। ਇੱਕ ਪਾਸੇ ਮੈਂ ਅਤੇ (ਪ੍ਰਧਾਨ) ਦਿਲੀਪ ਟਿਰਕੀ ਹਾਂ ਅਤੇ ਦੂਜੇ ਪਾਸੇ (ਸਕੱਤਰ) ਭੋਲਾਨਾਥ ਸਿੰਘ, (ਕਾਰਜਕਾਰੀ ਨਿਰਦੇਸ਼ਕ) ਕਮਾਂਡਰ ਆਰ.ਕੇ. ਸ੍ਰੀਵਾਸਤਵ ਅਤੇ (ਖਜ਼ਾਨਚੀ) ਸ਼ੇਖਰ ਜੇ ਮਨੋਹਰਨ ਹਨ। ਦੋ ਧੜਿਆਂ ਦੀ ਆਪਸੀ ਲੜਾਈ ਵਿੱਚ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ।’’ ਹਾਕੀ ਇੰਡੀਆ ਦੇ ਪ੍ਰਧਾਨ ਟਿਰਕੀ ਨੇ ਉਸ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਜਾਨੇਕ ਸ਼ੋਪਮੈਨ ਨੇ ਵੀ ਫੈਡਰੇਸ਼ਨ ’ਤੇ ਉਸ ਦੀ ਕਦਰ ਨਾ ਕਰਨ ਦਾ ਦੋਸ਼ ਲਾਉਂਦਿਆਂ ਅਸਤੀਫ਼ਾ ਦੇ ਦਿੱਤਾ ਸੀ।

ਫੈਡਰੇਸ਼ਨ ਨੇ ਹਾਕੀ ਇੰਡੀਆ ’ਚ ਧੜੇਬਾਜ਼ੀ ਦੇ ਦੋਸ਼ਾਂ ਨੂੰ ਕੀਤਾ ਰੱਦ

ਹਾਲਾਂਕਿ ਹਾਕੀ ਇੰਡੀਆ ਵਿਚ ਧੜੇਬੰਦੀ ਅਤੇ ਅੰਦਰੂਨੀ ਮਤਭੇਦਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਦਲੀਪ ਟਿਰਕੀ ਅਤੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਅੱਜ ਸਾਂਝੇ ਬਿਆਨ ਵਿਚ ਕਿਹਾ ਕਿ ਉਹ ਹਾਕੀ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਦੇ ਰਹਿਣਗੇ। ਹਾਕੀ ਇੰਡੀਆ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਉਨ੍ਹਾਂ ਕਿਹਾ, ‘ਸਾਬਕਾ ਅਧਿਕਾਰੀਆਂ ਨੇ ਮੀਡੀਆ ਵਿੱਚ ਕਿਹਾ ਹੈ ਕਿ ਹਾਕੀ ਇੰਡੀਆ ਵਿੱਚ ਧੜੇਬੰਦੀ ਹੈ। ਇਹ ਸਹੀ ਨਹੀਂ ਹੈ। ਅਸੀਂ ਹਾਕੀ ਦੇ ਭਲੇ ਲਈ ਇਕਜੁੱਟ ਹੋ ਕੇ ਕੰਮ ਕਰਦੇ ਰਹਾਂਗੇ।’

Leave a Comment