ਮੈਲਬਰਨ: ਹਰ ਚਾਰ ਸਾਲ ਬਾਅਦ ਆਉਣ ਵਾਲੇ ‘ਲੀਪ ਡੇ’ ਮੌਕੇ ਜੰਮਿਆ ਬੱਚਾ ਹਜ਼ਾਰਾਂ ’ਚੋਂ ਇੱਕ ਹੁੰਦਾ ਹੈ। ਪਰ ਐਡੀਲੇਡ ਦਾ ਇੱਕ ਜੋੜੇ ਨੇ ਅੱਜ ਜਿਸ ਬੱਚੇ ਨੂੰ ਜਨਮ ਦਿੱਤਾ ਹੈ ਉਹ ਲੱਖਾਂ ’ਚੋਂ ਇੱਕ ਹੈ, ਕਿਉਂਕਿ ਉਸ ਦੇ ਪਿਤਾ ਦਾ ਜਨਮਦਿਨ ਵੀ ‘ਲੀਪ ਡੇ’ ਯਾਨੀਕਿ 29 ਫ਼ਰਵਰੀ ਨੂੰ ਹੋਇਆ ਸੀ। ਜੋੜੇ ਦਾ ਪਹਿਲਾ ਬੱਚਾ ਬੇਬੀ ਹਿਊਗ ਇਸ ਦੁਰਲੱਭ ਦਿਨ ਸਵੇਰੇ 9:04 ਵਜੇ ਇਸ ਦੁਨੀਆ ’ਚ ਪਹੁੰਚਿਆ, ਜੋ ਉਸ ਦੇ ਜਨਮ ਦੀ ਨਿਰਧਾਰਤ ਮਿਤੀ ਤੋਂ ਤਿੰਨ ਹਫ਼ਤੇ ਪਹਿਲਾਂ ਸੀ। ਪਿਤਾ ਡੈਨੀ ਨਗੁਏਨ ਨੇ ਕਿਹਾ, ‘‘ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰਾ ਬੱਚਾ ਇਸ ਦੁਨੀਆ ’ਚ ਆ ਚੁੱਕਾ ਹੈ। ਜ਼ਿੰਦਗੀ ’ਚ ਕਦੋਂ ਕੀ ਹੋ ਜਾਵੇ ਕਿਸੇ ਨੂੰ ਨਹੀਂ ਪਤਾ। ਅਸੀਂ ਬਹੁਤ ਖੁਸ਼ ਹਾਂ।’’ ਬੱਚੇ ਦੀ ਮਾਂ ਲੁਆਂਗ ਸਿਹਤਮੰਦ ਹੈ ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ।
ਇਸ ਖ਼ਬਰ ਨੇ ਸਾਰੀ ਦੁਨੀਆ ਨੂੰ ਹੈਰਾਨ ਕੀਤਾ ਹੈ। ਐਡੀਲੇਡ ਯੂਨੀਵਰਸਿਟੀ ਦੇ ਇਕ ਗਣਿਤ ਸ਼ਾਸਤਰੀ ਦਾ ਕਹਿਣਾ ਹੈ ਕਿ ਹਿਊਗ ਅਤੇ ਉਸ ਦੇ ਪਿਤਾ ਦੋਵਾਂ ਦੇ 29 ਫਰਵਰੀ ਨੂੰ ਪੈਦਾ ਹੋਣ ਦੀ ਸੰਭਾਵਨਾ 22 ਲੱਖ ਵਿਚੋਂ ਇਕ ਹੈ। ਇਹ ਵੀ ਇਤਫ਼ਾਕ ਹੈ ਕਿ ਪਿਤਾ ਅਤੇ ਪੁੱਤਰ ਦੋਹਾਂ ਦਾ ਜਨਮ ਡਰੈਗਨ ਦੇ ਸਾਲ ਵਿੱਚ ਹੋਇਆ ਸੀ ਜੋ ਕਿ 300 ਮਿਲੀਅਨ ਵਿੱਚੋਂ ਇੱਕ ਤੋਂ ਵੀ ਘੱਟ ਹੈ। ਨਗੁਏਨ ਅਤੇ ਲੁਆਂਗ ਅੱਠ ਸਾਲ ਪਹਿਲਾਂ ਐਡੀਲੇਡ ਵਿੱਚ ਮਿਲੇ ਸਨ ਜਦੋਂ ਉਹ ਦੋਵੇਂ ਵੀਅਤਨਾਮ ਤੋਂ ਆਏ ਸਨ। ਦੋਹਾਂ ਨੇ ਹਰ ਚਾਰ ਸਾਲ ਬਾਅਦ ਆਪਣੇ ਬੱਚੇ ਦਾ ਜਨਮਦਿਨ ਧੂਮ-ਧੜੱਕੇ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪਰ ਉਨ੍ਹਾਂ ਕਿਹਾ ਕਿ ਇਸ ਸਾਲ ਲਈ ਇਹ ਬੱਚਾ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਤੋਹਫ਼ਾ ਹੈ।