ਮੈਲਬਰਨ: ਵਿਕਟੋਰੀਆ ਸਰਕਾਰ ਨੇ ਚੋਟੀ ਦੇ ਮੁਸਲਿਮ ਸਮੂਹਾਂ ਵੱਲੋਂ ਐਲਾਨੇ ਬਾਈਕਾਟ ਤੋਂ ਬਾਅਦ ਆਪਣਾ ਸਾਲਾਨਾ ਇਫਤਾਰ ਡਿਨਰ ਰੱਦ ਕਰ ਦਿੱਤੇ ਹਨ। ਗਾਜ਼ਾ ਵਿਚ ਚਲ ਰਹੀ ਜੰਗ ‘ਤੇ ਲੇਬਰ ਪਾਰਟੀ ਵਲੋਂ ਲਏ ਸਟੈਂਡ ਕਾਰਨ ਮੁਸਲਿਮ ਸਮੂਹ ਸਰਕਾਰ ਤੋਂ ਨਿਰਾਸ਼ ਹਨ। ਵਿਕਟੋਰੀਆ ਸਰਕਾਰ ਦੇ ਫੈਸਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਇਫਤਾਰ ਡਿਨਰ ਨਹੀਂ ਦਿੱਤਾ ਜਾਵੇਗਾ।
ਇਸਲਾਮਿਕ ਕੌਂਸਲ ਆਫ ਵਿਕਟੋਰੀਆ (ICV) ਅਤੇ ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ (ANIC) ਨੇ ਗਾਜ਼ਾ ਸੰਘਰਸ਼ ‘ਤੇ ਆਪੋ-ਆਪਣੀ ਸਟੇਟ ਦੀ ਸਰਕਾਰ ਦੇ ਰੁਖ ‘ਤੇ ਨਿਰਾਸ਼ਾ ਜ਼ਾਹਰ ਕੀਤੀ ਸੀ ਅਤੇ ਪ੍ਰੀਮੀਅਰਾਂ ਦੇ ਇਫਤਾਰ ਡਿਨਰ ਦੇ ਸੱਦੇ ਨੂੰ ਰੱਦ ਕਰ ਦਿੱਤਾ ਸੀ। ਜੰਗ ’ਚ ਹੁਣ ਤਕ ਲਗਭਗ 30,000 ਫਲਸਤੀਨੀ ਮਾਰੇ ਗਏ ਹਨ।
ਵਿਕਟੋਰੀਆ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਭਾਈਚਾਰੇ ਦਾ ਸਮਰਥਨ ਕਰਨਾ ਸੀ ਨਾ ਕਿ ਉਨ੍ਹਾਂ ਦੇ ਸੰਕਟ ਅਤੇ ਦੁੱਖ ਨੂੰ ਵਧਾਉਣਾ। ਉਨ੍ਹਾਂ ਕਿਹਾ ਕਿ ਉਹ ਇਫਤਾਰ ਅਤੇ ਹੋਰ ਰਮਜ਼ਾਨ ਸਮਾਗਮਾਂ ਨੂੰ ਨਿੱਜੀ ਤੌਰ ’ਤੇ ਆਦਰ ਨਾਲ ਮਨਾਉਣਗੇ ਅਤੇ ਪਰਿਵਾਰਾਂ ਨੂੰ ਸਹਾਇਤਾ ਅਤੇ ਦੇਖਭਾਲ ਪ੍ਰਦਾਨ ਕਰਨਗੇ।