ਮੈਲਬਰਨ: ਸਸਤੀਆਂ ਅਤੇ ਖ਼ਤਰਨਾਕ 3D ਪ੍ਰਿੰਟਡ ਪਿਸਤੌਲਾਂ ਸਾਊਥ ਆਸਟ੍ਰੇਲੀਆ ’ਚ ਅਪਰਾਧੀਆਂ ਦੀ ਪਸੰਦ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਪਿਸਤੌਲਾਂ ਦਾ ਨਿਰਮਾਣ ਆਸਾਨ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਪਲਾਸਟਿਕ ਨਾਲ ਬਣੀਆਂ ਹੋਣ ਕਾਰਨ ਇਨ੍ਹਾਂ ਦਾ ਪਤਾ ਲਗਾਉਣਾ ਵੀ ਮੁਸ਼ਕਲ ਹੁੰਦਾ ਹੈ। ਸਾਊਥ ਆਸਟ੍ਰੇਲੀਆ ’ਚ ਇਨ੍ਹਾਂ ਦੇ ਪ੍ਰਯੋਗ ’ਤੇ ਪਹਿਲਾਂ ਹੀ ਪਾਬੰਦੀ ਹੈ ਪਰ ਹੁਣ ਇਨ੍ਹਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ’ਤੇ ਵੀ ਸਖ਼ਤੀ ਸ਼ੁਰੂ ਕੀਤੀ ਗਈ ਹੈ ਅਤੇ ਇਨ੍ਹਾਂ ਦਾ ਡਿਜ਼ਾਈਨ ਸਟੇਟ ਸਰਕਾਰ ਦੇ ਨਿਸ਼ਾਨੇ ’ਤੇ ਹੈ। ਸਟੇਟ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਪਿਸਤੌਲਾਂ ਨੂੰ ਬਣਾਉਣ ਵਾਲੇ ਬਲੂਪ੍ਰਿੰਟ ਰੱਖਣ ’ਤੇ 15 ਸਾਲਾਂ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਸਟੇਟ ਪੁਲਿਸ ਨੇ 23 3D ਪ੍ਰਿੰਟਡ ਹਥਿਆਰ ਜ਼ਬਤ ਕੀਤੇ ਹਨ ਅਤੇ ਅਜਿਹਾ ਡਰ ਹੈ ਕਿ ਤਕਨਾਲੋਜੀ ਦੇ ਬਿਹਤਰ ਹੋਣ ਨਾਲ ਇਨ੍ਹਾਂ ਦੀ ਗਿਣਤੀ ਵਧੇਗੀ।