ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਦੇ ਸਵਾਲ ’ਤੇ ਬੋਲੇ ਵਿਦੇਸ਼ ਮੰਤਰੀ ਪੈਨੀ ਵੋਂਗ, ‘ਦੇਸ਼ ਅੰਦਰ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦਾ ਹੱਕ’

ਮੈਲਬਰਨ: ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਦੇਸ਼ ਅੰਦਰ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਉਹ ਪਰਥ ’ਚ ਹਿੰਦ ਮਹਾਂਸਾਗਰ ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਆਸਟ੍ਰੇਲੀਆ ’ਚ ਵਧ ਰਹੇ ਖ਼ਾਲਿਸਤਾਨੀ ਰੂੜੀਵਾਦ ਅਤੇ ਹਿੰਦੂ ਮੰਦਰਾਂ ’ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਆਸਟ੍ਰੇਲੀਆ ਸਰਕਾਰ ਕੀ ਕਾਰਵਾਈ ਕਰ ਰਹੀ ਹੈ। ਇਸ ਦੇ ਜਵਾਬ ’ਚ ਵੋਂਗ ਨੇ ਕਿਹਾ, ‘‘ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਭਾਰਤ ਦੀ ਪ੍ਰਭੂਸੱਤਾ ਦਾ ਮਾਣ ਕਰਦੇ ਹਾਂ। ਦੂਜਾ ਆਸਟ੍ਰੇਲੀਆ ਇੱਕ ਲੋਕਤੰਤਰ ਹੈ ਅਤੇ ਸਾਡਾ ਮੰਨਣਾ ਹੈ ਕਿ ਇਸ ’ਚ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ। ਅਸੀਂ ਹਿੰਸਾ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਹਮਾਇਤ ਨਹੀਂ ਕਰਦੇ ਅਤੇ ਕਾਨੂੰਨ ਵਿਵਸਥਾ ਲਾਗੂ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ।’’ ਇਸ ਤੋਂ ਪਹਿਲਾਂ ਉਨ੍ਹਾਂ ਨੇ ਪਰਥ ’ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਭਾਰਤ-ਆਸਟ੍ਰੇਲੀਆ ਸੰਬੰਧਾਂ, ਹਿੰਦ ਮਹਾਂਸਾਗਰ ਆਰਕੀਟੈਕਚਰ ਅਤੇ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਬਾਰੇ ਵੀ ਗੱਲਬਾਤ ਕੀਤੀ।

Leave a Comment