ਭਾਰਤੀ ਮੂਲ ਦੇ ਸਾਬਕਾ IT ਵਰਕਰ ਨੇ ਆਸਟ੍ਰੇਲੀਆਈ ਕੰਪਨੀ ’ਤੇ ਲਾਇਆ ਖੱਜਲ-ਖੁਆਰ ਕਰਨ ਦਾ ਦੋਸ਼, ਨੌਕਰੀ ਵੀ ਗਈ ਅਤੇ 4 ਲੱਖ ਡਾਲਰ ਦਾ ਜੁਰਮਾਨਾ ਵੀ ਲੱਗਾ

ਮੈਲਬਰਨ: ਸਾਬਕਾ IT ਵਰਕਰ ਅਭਿਸ਼ੇਕ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਸੂਚਨਾ ਤਕਨਾਲੋਜੀ ਖੇਤਰ ਦੀ ਸਰਕਾਰੀ ਮਲਕੀਅਤ ਵਾਲੀ ਕੰਪਨੀ NBN ਅਤੇ EY ਵੱਲੋਂ ਰੁਜ਼ਗਾਰ ਇਕਰਾਰਨਾਮੇ ਦੀ ਉਲੰਘਣਾ ਕਾਰਨ ਉਸ ਨੂੰ ਬਹੁਤ ਖੱਜਲ ਖੁਆਰ ਹੋਣਾ ਪਿਆ ਅਤੇ ਉਲਟਾ ਉਸ ’ਤੇ 4 ਲੱਖ ਡਾਲਰ ਦਾ ਜੁਰਮਾਨਾ ਲੱਗ ਗਿਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੀ ਤਨਖਾਹ ਵਿਚੋਂ ਪੈਸੇ ਰੋਕਣ ਦੇ ਬਾਵਜੂਦ ਇਕਰਾਰਨਾਮੇ ਅਨੁਸਾਰ ਸਮੇਂ ਸਿਰ ਉਸ ਦਾ ਟੈਕਸ ਅਦਾ ਨਹੀਂ ਕੀਤਾ, ਜਿਸ ਕਾਰਨ ਉਸ ਨੂੰ 4 ਲੱਖ ਡਾਲਰ ਦਾ ਜੁਰਮਾਨਾ ਲੱਗਾ ਅਤੇ ਉਹ ਮਾਨਸਿਕ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ। ਉਹ 2016 ਤੋਂ 2021 ਤੱਕ NBN ਕੰਪਨੀ ਵਿੱਚ ਨੌਕਰੀ ਕਰਦਾ ਸੀ। ਰੁਜ਼ਗਾਰ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਉਹ ਆਪਣਾ ਕੇਸ ਵਿਕਟੋਰੀਆ ਸੁਪਰੀਮ ਕੋਰਟ ਵਿੱਚ ਲੈ ਗਿਆ ਹੈ।

ਮਿਸ਼ਰਾ ਦਾ ਦਾਅਵਾ ਹੈ ਕਿ ਉਸ ਨੂੰ NBN ਕੰਪਨੀ ਨੇ ਵਿਸਲਬਲੋਅਰ ਸ਼ਿਕਾਇਤ ਕਰਨ ਲਈ ਬਰਖਾਸਤ ਕਰ ਦਿੱਤਾ ਸੀ। NBN ਕੰਪਨੀ ਅਤੇ EY ਨੇ ਬਹੁਤ ਸਾਰੇ ਦੋਸ਼ਾਂ ਦਾ ਵਿਰੋਧ ਕਰਦਿਆਂ ਮੰਨਿਆ ਕਿ ਮਿਸ਼ਰਾ ਦੇ ਰੁਜ਼ਗਾਰ ਸ਼ੁਰੂ ਕਰਨ ਦੇ ਲਗਭਗ ਪੰਜ ਸਾਲ ਬਾਅਦ ਤੱਕ ਉਨ੍ਹਾਂ ਨੇ ਬਕਾਇਆ ਟੈਕਸ ਦਾ ਭੁਗਤਾਨ ਨਹੀਂ ਕੀਤਾ। ਪਰ ਉਨ੍ਹਾਂ ਦਲੀਲ ਦਿੱਤੀ ਹੈ ਕਿ ਕੋਈ ਵੀ ਲੇਟ ਫੀਸ ਜਾਂ ਜੁਰਮਾਨਾ ਮਿਸ਼ਰਾ ਦੀ ਆਪਣੀ ਨਿੱਜੀ ਆਮਦਨ ਟੈਕਸ ਰਿਟਰਨ ਦਾਖਲ ਨਾ ਕਰਨ ਦੀ ਗਲਤੀ ਹੈ।

ਮਿਸ਼ਰਾ ਨੇ ਨੁਕਸਾਨ ਦਾ ਦਾਅਵਾ ਕਰਦਿਆਂ ਕਿਹਾ ਕਿ NBN ਨੇ ਟੈਕਸਾਂ ਦਾ ਭੁਗਤਾਨ ਉਦੋਂ ਹੀ ਕੀਤਾ ਜਦੋਂ ਉਸ ਨੇ ਵਾਰ-ਵਾਰ ਇਹ ਮੁੱਦਾ ਉਠਾਇਆ ਅਤੇ ਭਾਰਤੀ ਟੈਕਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਮਿਸ਼ਰਾ ਨੇ ਅੱਗੇ ਦੋਸ਼ ਲਾਇਆ ਕਿ NBN ਕੰਪਨੀ ਦੀਆਂ ਕਾਰਵਾਈਆਂ ਕਾਰਨ ਉਹ ਆਪਣੇ ਲਈ ਗਿਰਵੀ ਕਰਜ਼ਾ ਲੈਣ ਵਿੱਚ ਅਸਮਰੱਥ ਹੋ ਗਿਆ ਅਤੇ ਜਾਇਦਾਦ ਵਿੱਚ ਨਿਵੇਸ਼ ਕਰਨ ਤੋਂ ਮੁੱਲ ਵਿੱਚ ਵਾਧਾ ਗੁਆ ਬੈਠਾ। ਕੇਸ ਅਦਾਲਤ ਸਾਹਮਣੇ ਹੈ ਅਤੇ ਸੁਣਵਾਈ ਦੀ ਉਡੀਕ ’ਚ ਹੈ।

Leave a Comment