ਮੈਲਬਰਨ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ 77 ਸਾਲ ਦੇ ਪੈਨਸ਼ਨਰ ਫਰੈਂਕ ਸਿੰਘ ਦੀ ਹੈਰਾਨੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਦਾ ਅਜਿਹੇ ਕੰਮ ਲਈ ਚਲਾਨ ਕਰ ਦਿੱਤਾ ਗਿਆ ਜੋ ਉਸ ਕਦੇ ਕਰ ਹੀ ਨਹੀਂ ਸਕਦਾ ਸੀ। ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਲਈ ਉਸ ’ਤੇ 362 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਹਾਲਾਂਕਿ, ਫ਼ਰੈਂਕ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਮੋਬਾਈਲ ਫੋਨ ਹੈ ਹੀ ਨਹੀਂ ਸੀ। ਅਸਲ ’ਚ ਇਹ ਦੋਸ਼ ਮੋਬਾਈਲ ਫੋਨ ਡਿਟੈਕਸ਼ਨ ਕੈਮਰੇ ਦੁਆਰਾ ਲਈਆਂ ਗਈਆਂ ਤਸਵੀਰਾਂ ‘ਤੇ ਅਧਾਰਤ ਸੀ, ਜਿਸ ਵਿਚ ਫ਼ਰੈਂਕ ਸਿੰਘ ਹੱਥ ’ਚ ਕੋਈ ਚੀਜ਼ ਫੜੀ ਹੋਈ ਦਿਖਾਈ ਦੇ ਰਿਹਾ ਸੀ ਜਿਸ ਨੂੰ ਗਲਤੀ ਨਾਲ ਫੋਨ ਸਮਝ ਲਿਆ ਗਿਆ ਸੀ। ਫ਼ਰੈਂਕ ਸਿੰਘ ਦਾ ਮੰਨਣਾ ਸੀ ਕਿ ਇਹ ਵਸਤੂ ਅਸਲ ਵਿੱਚ ਉਸ ਦਾ ਬਟੂਆ ਸੀ। ਪਰ ਫ਼ਰੈਂਕ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਦੋਸਤ ਕਿਸ਼ੋਰੀ ਬ੍ਰੀਜ਼ ਦੀ ਮਦਦ ਨਾਲ ਜੁਰਮਾਨੇ ਨੂੰ ਚੁਣੌਤੀ ਦਿੱਤੀ। ਸਥਾਨਕ ਟੈਕਸ ਦਫਤਰ ਵਿਚ ਸ਼ੁਰੂਆਤੀ ਅਪੀਲ ਰੱਦ ਕਰ ਦਿੱਤੀ ਗਈ ਸੀ, ਜਿਸ ਕਾਰਨ ਫ਼ਰੈਂਕ ਸਿੰਘ ਨੂੰ ਇਸ ਮਾਮਲੇ ਨੂੰ ਅਦਾਲਤ ਵਿਚ ਲਿਜਾਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਬਾਅਦ ’ਚ ਅਧਿਕਾਰੀਆਂ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਜੁਰਮਾਨਾ ਵਾਪਸ ਲੈ ਲਿਆ ਅਤੇ ਫ਼ਰੈਂਕ ਸਿੰਘ ਨੂੰ ਸੂਚਿਤ ਕੀਤਾ ਕਿ ਉਸ ਨੂੰ ਹੁਣ ਅਦਾਲਤ ਵਿੱਚ ਪੇਸ਼ ਹੋਣ ਦੀ ਲੋੜ ਨਹੀਂ ਹੈ। ਇਹ ਮਾਮਲਾ ਮੋਬਾਈਲ ਫੋਨ ਦਾ ਪਤਾ ਲਗਾਉਣ ਵਾਲੀ ਤਕਨਾਲੋਜੀ ਦੀ ਭਰੋਸੇਯੋਗਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ। ਫਰੈਂਕ ਸਿੰਘ ਦਾ ਕੇਸ ਯਾਦ ਦਿਵਾਉਂਦਾ ਹੈ ਕਿ ਤਕਨਾਲੋਜੀ ਕਾਨੂੰਨ ਲਾਗੂ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ, ਪਰ ਇਹ ਵੀ ਗ਼ਲਤੀਆਂ ਕਰ ਸਕਦੀ ਹੈ।