ਵਿਕਟੋਰੀਆ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰ ਰਹੇ ਸਸਤੇ ਕਿਰਾਏ ਵਾਲੇ ਮਕਾਨ, ਜਾਣੋ ਕੀ ਕਹਿੰਦੀ ਹੈ ਗੁਪਤ ਜਾਂਚ ਰਿਪੋਰਟ

ਮੈਲਬਰਨ: ਕੰਜ਼ਿਊਮਰ ਪਾਲਿਸੀ ਰਿਸਰਚ ਸੈਂਟਰ (CPRC) ਅਤੇ ਟੇਨੈਂਟਸ ਵਿਕਟੋਰੀਆ ਦੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਸਟੇਟ ਅੰਦਰ ਰਹਿਣ ਦੀਆਂ ਥਾਵਾਂ ਲਈ ਬਣਾਏ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਨ ’ਚ ਸਸਤੇ ਕਿਰਾਏ ਵਾਲੀਆਂ ਥਾਵਾਂ ਵੱਲੋਂ ਕੁਤਾਹੀ ਕੀਤੀ ਜਾ ਰਹੀ ਹੈ। ਹਾਲਾਂਕਿ ਕੁਲ ਮਿਲਾ ਕੇ ਜ਼ਿਆਦਾਤਰ ਰੈਂਟਲ ਪ੍ਰਾਪਰਟੀਜ਼ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ। ਵਿਕਟੋਰੀਆ ਦੇ ਵਿੰਡਮ ਵੇਲ ਅਤੇ ਬੈਂਡੀਗੋ ਵਿਚ ਕੀਤੀ ਗੁਪਤ ਜਾਂਚ ਇਹ ਤੱਥ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ 2021 ਵਿੱਚ ਪੇਸ਼ ਕੀਤੇ ਗਏ ਘੱਟੋ-ਘੱਟ ਮਾਪਦੰਡਾਂ ਅਨੁਸਾਰ ਕਿਰਾਏ ’ਤੇ ਦਿੱਤੇ ਜਾਣ ਵਾਲੀਆਂ ਥਾਵਾਂ ਮੋਲਡ-ਮੁਕਤ ਹੋਣੀਆਂ ਚਾਹੀਦੀਆਂ ਹਨ, ਮੁੱਖ ਰਹਿਣ ਵਾਲੇ ਖੇਤਰ ਵਿੱਚ ਊਰਜਾ-ਕੁਸ਼ਲ ਹੀਟਰ ਹੋਣੇ ਚਾਹੀਦੇ ਹਨ ਅਤੇ ਅਨੁਕੂਲ ਬਿਜਲੀ ਸਵਿਚਬੋਰਡ, ਸਰਕਟ ਬ੍ਰੇਕਰ ਅਤੇ ਸੁਰੱਖਿਆ ਸਵਿਚਾਂ ਦੀ ਲੋੜ ਹੁੰਦੀ ਹੈ।

100 ਜਾਇਦਾਦਾਂ ਦੀ ਜਾਂਚ ਕੀਤੀ ਜਿਨ੍ਹਾਂ ਦਾ ਕਿਰਾਇਆ 300 ਡਾਲਰ ਤੋਂ 569 ਡਾਲਰ ਪ੍ਰਤੀ ਹਫਤਾ ਸੀ। ਇਸ ਵਿਚ ਪਾਇਆ ਗਿਆ ਕਿ ਇਨ੍ਹਾਂ ਵਿਚੋਂ ਇਕ ਚੌਥਾਈ ਤੋਂ ਵੱਧ ਘਰਾਂ ਦਾ ਰੱਖ-ਰਖਾਅ ਮਾੜਾ ਸੀ, ਜਿਨ੍ਹਾਂ ਵਿਚ ਕੰਧਾਂ ’ਤੇ ਮੋਲਡ ਜਾਂ ਸਿੱਲ੍ਹ ਦਿਸਣਾ, ਨਾਕਾਫੀ ਹੀਟਿੰਗ, ਖਰਾਬ ਸਮੋਕ ਅਲਾਰਮ ਪਲੇਸਮੈਂਟ ਅਤੇ ਪਰਦਿਆਂ ਤੋਂ ਬਗ਼ੈਰ ਖਿੜਕੀਆਂ ਸ਼ਾਮਲ ਹਨ। ਲਗਭਗ 40٪ ਘੱਟ ਲਾਗਤ ਵਾਲੀਆਂ ਕਿਰਾਏ ਦੀਆਂ ਥਾਵਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਨਹੀਂ ਕੀਤੀ ਗਈ ਸੀ। ਜਦਕਿ ਉੱਚ ਲਾਗਤ ਵਾਲੀਆਂ ਥਾਵਾਂ ’ਚ ਇਹ ਦਰ 18٪ ਰਹੀ।

ਰਿਪੋਰਟ ਵਿੱਚ ਰੀਅਲ ਅਸਟੇਟ ਏਜੰਟਾਂ ਵੱਲੋਂ ਮਕਾਨਾਂ ਦੀਆਂ ਇਨ੍ਹਾਂ ਕਮੀਆਂ ਬਾਰੇ ਜਾਣਕਾਰੀ ਨਾ ਦੇਣ ਦਾ ਵੀ ਪ੍ਰਗਟਾਵਾ ਕੀਤਾ ਗਿਆ ਹੈ। ਪਰ ਇੱਕ ਤੰਗ ਕਿਰਾਏ ਦੇ ਬਾਜ਼ਾਰ ਵਿੱਚ ਕੁਝ ਲੋਕਾਂ ਕੋਲ ਅਸੁਰੱਖਿਅਤ ਜਾਂ ਅਣਉਚਿਤ ਮਕਾਨਾਂ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਮੈਲਬਰਨ ’ਚ ਕਿਰਾਏ ਲਈ ਖਾਲੀ ਮਕਾਨਾਂ ਦੀ ਦਰ ਲਗਭਗ 1.15٪ ਹੈ ਅਤੇ ਰੀਜਨਲ ਵਿਕਟੋਰੀਆ ’ਚ ਇਹ 1.12٪ ਹੈ। ਰਿਪੋਰਟ ਵਿਚ ਕਿਰਾਏਦਾਰਾਂ ਲਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਔਸਤ ਤੋਂ ਘੱਟ ਕਿਰਾਏ ਵਾਲੀਆਂ ਜਾਇਦਾਦਾਂ ‘ਤੇ ਕਾਨੂੰਨਾਂ ਦੀ ਨਿਗਰਾਨੀ ਅਤੇ ਲਾਗੂ ਕਰਨਾ ਸ਼ਾਮਲ ਹੈ।

Leave a Comment