ਮੈਲਬਰਨ: ਪਿਛਲੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਖਾਲਿਸਤਾਨੀ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਜੁੜੇ ਇਕ ਸਿੱਖ ਕਾਰਕੁੰਨ ਦੇ ਘਰ ਤਾਬੜਤੋੜ ਗੋਲੀਆਂ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਸਰੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (RCMP) ਨੇ ਦੱਸਿਆ ਕਿ 154 ਸਟ੍ਰੀਟ ਦੇ 2800 ਬਲਾਕ ਨੇੜੇ ਸਥਿਤ ਸਾਊਥ ਸਰੀ ਦੇ ਇਕ ਘਰ ਵਿਚ ਵੀਰਵਾਰ ਅੱਧੀ ਰਾਤ ਕਰੀਬ 1:20 ਵਜੇ ਵਾਪਰੀ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਘਟਨਾ ਤੋਂ ਬਾਅਦ ਸਥਾਨਕ ਸਿੱਖ ਭਾਈਚਾਰਾ ਸਹਿਮ ’ਚ ਹੈ।
ਬੀ.ਸੀ. ਗੁਰਦੁਆਰਾ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਮਕਾਨ ਮਾਲਕ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਕੀਤੀ ਹੈ, ਜੋ ਨਿੱਜਰ ਦਾ ਦੋਸਤ ਸੀ। ਗੋਲੀਬਾਰੀ ਵੇਲੇ ਸਿਰਮਨਜੀਤ ਸਿੰਘ ਅਤੇ ਉਸ ਦਾ 6 ਸਾਲ ਦਾ ਬੱਚਾ ਵੀ ਘਰ ਅੰਦਰ ਸਨ। ਗੋਲੀਬਾਰੀ ਵਿੱਚ ਘਰ ਬਾਹਰ ਖੜ੍ਹੀ ਇੱਕ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਘਰ ਵਿੱਚ ਕਈ ਗੋਲੀਆਂ ਦੇ ਨਿਸ਼ਾਨ ਵੇਖੇ ਗਏ। ਕਾਰਪੋਰਲ ਸਰਬਜੀਤ ਸੰਘਾ ਨੇ ਕਿਹਾ ਕਿ ਅਧਿਕਾਰੀਆਂ ਨੇ ਗੁਆਂਢੀਆਂ ਅਤੇ ਗਵਾਹਾਂ ਨਾਲ ਗੱਲ ਕੀਤੀ ਹੈ ਅਤੇ ਫਿਲਹਾਲ ਗੋਲੀਬਾਰੀ ਬਾਰੇ ਹੋਰ ਜਾਣਨ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸੰਘਾ ਨੇ ਦੱਸਿਆ, ‘‘ਜਾਂਚ ਅਜੇ ਬਹੁਤ ਸ਼ੁਰੂਆਤੀ ਪੜਾਅ ਵਿੱਚ ਹੈ, ਇਸ ਲਈ ਇਸ ਗੋਲੀਬਾਰੀ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।’’
ਮੋਨਿੰਦਰ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਭਾਈਚਾਰੇ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਸਿਮਰਨਜੀਤ ਦੇ ਨਿੱਝਰ ਨਾਲ ਸਬੰਧਾਂ ਨੇ ਗੋਲੀਬਾਰੀ ਵਿੱਚ ਭੂਮਿਕਾ ਨਿਭਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਨੇ 26 ਜਨਵਰੀ ਨੂੰ ਵੈਨਕੂਵਰ ‘ਚ ਭਾਰਤੀ ਵਣਜ ਦੂਤਘਰ ‘ਚ ਖਾਲਿਸਤਾਨ ਸਮਰਥਕ ਪ੍ਰਦਰਸ਼ਨ ਕਰਨ ‘ਚ ਮਦਦ ਕੀਤੀ ਸੀ। ਮੋਨਿੰਦਰ ਅਨੁਸਾਰ ਸਿਮਰਨਜੀਤ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ RCMP ਨੂੰ ਸੰਪਰਕ ਕਰ ਕੇ ਆਪਣੀ ਜਾਨ ਨੂੰ ਖਤਰੇ ਦਾ ਸ਼ੱਕ ਜ਼ਾਹਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿਮਰਨਜੀਤ ਸਿੰਘ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਨਹੀਂ ਰੋਕ ਸਕਣਗੀਆਂ।
ਜ਼ਿਕਰਯੋਗ ਹੈ ਕਿ ਨਿੱਝਰ ਦੇ ਕਤਲ ਲਈ ਕੈਨੇਡਾ ਸਰਕਾਰ ਨੇ ਭਾਰਤ ’ਤੇ ਦੋਸ਼ ਲਾਏ ਜਿਸ, ਹਾਲਾਂਕਿ ਭਾਰਤ ਇਨ੍ਹਾਂ ਦੋਸ਼ਾਂ ਨੂੰ ਇਨਕਾਰ ਕਰਦਾ ਰਿਹਾ ਹੈ। ਤਾਜ਼ਾ ਘਟਨਾ ’ਚ ਵੀ ਸਥਾਨਕ ਸਿੱਖਾਂ ਨੇ ਭਾਰਤ ਦਾ ਰੋਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ।