‘ਸਾਰੇ ਸਿੱਖ ਇੱਕੋ ਜਿਹੇ ਨਹੀਂ ਦਿਸਦੇ ਹੁੰਦੇ’, UK ਦੇ ਮੀਡੀਆ ਅਦਾਰੇ ਨੂੰ ਗ਼ਲਤ ਸਿੱਖ ਸਿਆਸਤਦਾਨ ਦੀ ਤਸਵੀਰ ਪੋਸਟ ਕਰਨ ਮਗਰੋਂ ਹੋਣਾ ਪਿਆ ਸ਼ਰਮਿੰਦਾ

ਮੈਲਬਰਨ: UK ਦੇ ਇੱਕ ਸੱਜੇ ਪੱਖੀ ਟੈਲੀਵਿਜ਼ਨ ਚੈਨਲ GBNews ਵੱਲੋਂ ਇੱਕ ਸਿੱਖ ਸੰਸਦ ਮੈਂਬਰ ਦੇ ਬਿਆਨ ’ਤੇ ਕਿਸੇ ਹੋਰ ਪਾਰਟੀ ਦੇ ਸਿੱਖ ਸਿਆਸਤਦਾਨ ਦੀ ਤਸਵੀਰ ਵਾਲੀ ਸੋਸ਼ਲ ਮੀਡੀਆ ਪੋਸਟ ਪਾਉਣ ਮਗਰੋਂ ਸ਼ਰਮਿੰਦਾ ਹੋਣਾ ਪਿਆ ਹੈ। ਕੰਜ਼ਰਵੇਟਿਵ ਪਾਰਟੀ ਆਗੂ ਕੁਲਵੀਰ ਰੇਂਜਰ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਧੇਸੀ ਨੇ GB News ਦੀ ਸਖ਼ਤ ਨਿਖੇਧੀ ਕੀਤੀ ਹੈ। ਦਰਅਸਲ ਸਰਕਾਰ ਦੇ ਰਵਾਂਡਾ ਬਿੱਲ ਬਾਰੇ ਧੇਸੀ ਨੇ ਇੱਕ ਬਿਆਨ ਦਿੱਤਾ ਸੀ। ਜਿਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟਰ ਪਾਇਆ ਗਿਆ। ਪਰ ਉਸ ਪੋਸਟਰ ’ਚ ਪਛਾਣ ਨਾ ਹੋਣ ਕਾਰਨ ਰੇਂਜਰ ਦੀ ਤਸਵੀਰ ਲਗਾ ਦਿਤੀ ਗਈ। ਇਸ ਗ਼ਲਤੀ ਤੋਂ ਹੈਰਾਨ ਧੇਸੀ ਨੇ ਪ੍ਰਤੀਕਿਰਿਆ ਦਿੰਦਿਆਂ ਇੱਕ ਪੋਸਟ ’ਚ ਕਿਹਾ, ‘‘ਸਾਰੇ ਸਿੱਖ ਮਰਦ ਇਕੋ ਜਿਹੇ ਨਹੀਂ ਦਿਸਦੇ।’’

ਜਦਕਿ ਗ਼ਲਤੀ ਦਾ ਅਹਿਸਾਸ ਹੋਣ ’ਤੇ GBNews ਨੇ ਰੇਂਜਰ ਤੋਂ ਮੁਆਫੀ ਮੰਗ ਲਈ ਹੈ ਅਤੇ ਪੱਤਰਕਾਰੀ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਆਪਣੀ ਉਮੀਦ ਜ਼ਾਹਰ ਕੀਤੀ ਹੈ। ਇਹ ਘਟਨਾ GBNews ਦੀਆਂ ਗਲਤੀਆਂ ਦੀ ਲੜੀ ਵਿੱਚ ਤਾਜ਼ਾ ਹੈ, ਜਿਸ ਨੇ ਪਹਿਲਾਂ ਨਿਰਪੱਖਤਾ ਹਦਾਇਤਾਂ ਦੀ ਉਲੰਘਣਾ ਕੀਤੀ ਸੀ ਅਤੇ ਅਣਉਚਿਤ ਟਿੱਪਣੀਆਂ ਲਈ ਪੇਸ਼ਕਰਤਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ।

Leave a Comment