‘ਸੱਪਾਂ ਦਾ ਮੌਸਮ’, ਇੱਕ ਹੋਰ ਔਰਤ ਨੂੰ NSW ’ਚ ਸੱਪ ਨੇ ਡੱਸਿਆ, ਜਾਣੋ ਸੱਪ ਤੋਂ ਬਚਣ ਲਈ ਕੀ ਕਰੀਏ

ਮੈਲਬਰਨ: ਸਿਡਨੀ ਦੇ ਉੱਤਰੀ ਇਲਾਕੇ ‘ਚ ਇਕ ਔਰਤ ਨੂੰ ਸੱਪ ਨੇ ਡੱਸ ਲਿਆ, ਜਿਸ ਤੋਂ ਬਾਅਦ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। 30 ਸਾਲ ਦੀ ਔਰਤ ਅੱਜ ਸਵੇਰੇ ਕਰੀਬ 10:20 ਵਜੇ ਕੁ-ਰਿੰਗ-ਗਾਈ ਚੇਜ਼ ਨੈਸ਼ਨਲ ਪਾਰਕ ਦੇ ਗ੍ਰੇਟ ਮੈਕਰਲ ਬੀਚ ‘ਤੇ ਘੁੰਮ ਰਹੀ ਸੀ ਕਿ ਅਚਾਨਕ ਉਸ ਨੇ ਸੱਪ ‘ਤੇ ਪੈਰ ਰੱਖ ਲਿਆ। ਫਿਰ ਉਸ ਨੇ ਉਸ ਦੀ ਲੱਤ ‘ਤੇ ਡੰਗ ਮਾਰਿਆ।

NSW ਐਂਬੂਲੈਂਸ ਉੱਤਰੀ ਸਿਡਨੀ ਦੇ ਇੰਸਪੈਕਟਰ ਮਾਰਕ ਵਿਟਟੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਔਰਤ ਤਕ ਪਹੁੰਚਣਾ ਪਿਆ। ਉਨ੍ਹਾਂ ਕਿਹਾ, ‘‘ਡੰਗ ਭੂਰੇ ਰੰਗ ਦੇ ਸੱਪ ਨੇ ਮਾਰਿਆ ਸੀ। ਉਸ ਦਾ ਪ੍ਰੈਸ਼ਰ ਇਮੋਬਿਲਾਈਜ਼ੇਸ਼ਨ ਬੈਂਡੇਜ ਨਾਲ ਇਲਾਜ ਕੀਤਾ। ਇਸ ਗੱਲ ਦੇ ਕੋਈ ਸੰਕੇਤ ਨਹੀਂ ਸਨ ਕਿ ਜ਼ਹਿਰ ਔਰਤ ਦੇ ਸਿਸਟਮ ਵਿਚ ਦਾਖਲ ਹੋ ਗਿਆ ਸੀ ਅਤੇ ਉਸ ਨੂੰ ਸਥਿਰ ਹਾਲਤ ਵਿਚ ਨੌਰਦਰਨ ਬੀਚ ਹਸਪਤਾਲ ਲਿਜਾਇਆ ਗਿਆ ਸੀ।’’ ਔਰਤ ਨੂੰ ਅੱਜ ਸ਼ਾਮ ਬਾਅਦ ਵਿੱਚ ਛੁੱਟੀ ਦਿੱਤੇ ਜਾਣ ਦੀ ਉਮੀਦ ਹੈ।

ਸੱਪ ਡੱਸ ਲਵੇ ਤਾਂ ਕੀ ਕਰੀਏ?

ਇੰਸਪੈਕਟਰ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੱਪ ਦੇ ਮੌਸਮ ਬਾਰੇ ਜਾਗਰੂਕ ਹੋਣ ਅਤੇ ਜੇ ਕਿਤੇ ਸੱਪ ਦਿਸਦਾ ਹੈ ਤਾਂ ਤੁਰੰਤ ਦਿਸ਼ਾ ਬਦਲਣ। ਉਨ੍ਹਾਂ ਕਿਹਾ, ‘‘ਗਰਮੀਆਂ ਦੇ ਮੌਸਮ ਵਿੱਚ, ਸੱਪ ਸਰਗਰਮ ਹੁੰਦੇ ਹਨ। ਮੈਂ ਵਾਧੂ ਧਿਆਨ ਰੱਖਣ ਦੀ ਅਪੀਲ ਕਰਾਂਗਾ, ਜੁੱਤੀਆਂ ਪਹਿਨੋ।’’ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸੱਪ ਡੱਸ ਲਵੇ ਤਾਂ ਸਭ ਤੋਂ ਪਹਿਲਾਂ ਚੁੱਪ ਰਹੋ, ਸ਼ਾਂਤ ਰਹੋ ਅਤੇ ਟ੍ਰਿਪਲ ਜ਼ੀਰੋ ਨੂੰ ਕਾਲ ਕਰੋ। ਉਨ੍ਹਾਂ ਕਿਹਾ, ‘‘ਜਦੋਂ ਤਕ ਅਸੀਂ ਆ ਨਹੀਂ ਜਾਂਦੇ ਇਹ ਮਹੱਤਵਪੂਰਨ ਹੈ ਕਿ ਤੁਸੀਂ ਸੱਪ ਦੇ ਵੱਢਣ ਵਾਲੀ ਥਾਂ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ ਨਾ ਹੀ ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਨਾ ਕਰੋ ਅਤੇ ਭੱਜਣ ਦੀ ਕੋਸ਼ਿਸ਼ ਵੀ ਨਾ ਕਰੋ। ਸ਼ਾਂਤ ਰਹੋ ਅਤੇ ਅਸਥਿਰ ਰਹੋ।’’

Leave a Comment