ਮੈਲਬਰਨ: ਆਸਟ੍ਰੇਲੀਆ ‘ਚ ਏਨੀ ਗਰਮੀ ਪੈ ਰਹੀ ਹੈ ਕਿ ਜਾਨਵਰਾਂ ਨੂੰ ਜਿੱਥੇ ਵੀ ਥੋੜ੍ਹੀ ਠੰਢਕ ਦਿਸਦੀ ਹੈ ਉੇਥੇ ਡੇਰਾ ਲਾ ਰਹੇ ਹਨ, ਭਾਵੇਂ ਇਹ ਥਾਂ ਲੋਕਾਂ ਦਾ ਫਰਿੱਜ ਹੀ ਕਿਉਂ ਨਾ ਹੋਵੇ। ਐਡੀਲੇਡ ਦੇ ਇੱਕ ਘਰ ’ਚ ਵੀ ਲੋਕਾਂ ਨੂੰ ਇੱਕ ਅਣਚਾਹੇ ਮਹਿਮਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਜ਼ਹਿਰੀਲਾ ਸੱਪ ਉਨ੍ਹਾਂ ਦੇ ਘਰ ’ਚ ਰੱਖੇ ਫਰਿੱਜ ’ਚ ਆਣ ਵੜਿਆ। ਮਕਾਨ ਮਾਲਕਣ ਜਦੋਂ ਠੰਢਾ ਪਾਣੀ ਪੀਣ ਲਈ ਫਰਿੱਜ ’ਚੋਂ ਬਰਫ਼ ਕੱਢਣ ਗਈ ਤਾਂ ਆਇਸ ਡਿਸਪੈਂਸਰ ’ਚੋਂ ਨਿਕਲੇ ਨਾਗ ਵੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ।
ਇਸ ਸੱਪ ਤੋਂ ਉਨ੍ਹਾਂ ਨੂੰ 26 ਸਾਲਾਂ ਤੋਂ ਸੱਪ ਫੜਨ ਦਾ ਤਜਰਬਾ ਰੱਖਣ ਵਾਲੇ ਸਾਈਮਨ ਹੇਮਪੇਲ ਨੇ ਦਿਵਾਈ। ਐਡੀਲੇਡ ਹਿਲਜ਼ ’ਚ ਸੱਪ ਫੜਨ ਵਾਲੇ ਹੇਮਪੇਲ ਦਾ ਕਹਿਣਾ ਹੈ ਕਿ ਰੋਜ਼ ਉਸ ਦੇ ਦਿਨ ਦੀ ਸ਼ੁਰੂਆਤ ਲਗਭਗ 9:30 ਵਜੇ ਸੱਪ ਨੂੰ ਫੜਨ ਦੀ ਕਾਲ ਨਾਲ ਹੁੰਦੀ ਹੈ ਅਤੇ ਫਿਰ ਇਹ ਹਰ ਘੰਟੇ ਕੋਈ ਨਾ ਕੋਈ ਉਸ ਨੂੰ ਸੱਪ ਫੜਨ ਲਈ ਸੱਦਦਾ ਰਹਿੰਦਾ ਹੈ। ਇਸ ਸੀਜ਼ਨ ਵਿੱਚ ਜ਼ਿਆਦਾਤਰ ਪੂਰਬੀ ਭੂਰੇ ਰੰਗ ਦਾ ਸੱਪ ਫੜਿਆ ਗਿਆ, ਜੋ ਦੁਨੀਆ ਦਾ ਦੂਜਾ ਸਭ ਤੋਂ ਜ਼ਹਿਰੀਲਾ ਸੱਪ ਹੈ। ਐਡੀਲੇਡ ਦੇ ਵਸਨੀਕਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਵਧੇਰੇ ਸੱਪ ਗਰਮੀ ਤੋਂ ਪਨਾਹ ਲੈਣ ਲਈ ਘਰਾਂ ’ਚ ਆਣ ਵੜਦੇ ਹਨ।